ਬਰਤਾਨੀਆ ਸੰਸਦ ‘ਚ ਦਿੱਲੀ ਹਿੰਸਾ ਦੀ 1984 ਦੀ ਨਸਲਕੁਸ਼ੀ ਨਾਲ ਹੋਈ ਤੁਲਨਾ

0
1825

ਲੰਡਨ: ਬਰਤਾਨੀਆ ਦੀ ਸੰਸਦ ਵਿਚ ਦਿੱਲੀ ‘ਚ ਹੋਈ ਹਿੰਸਾ ਬਾਰੇ ਬਹਿਸ ਹੋਈ, ਜਿਸ ਵਿਚ ਬ੍ਰਮਿੰਘਮ ਤੋਂ ਐਮ.ਪੀ. ਖਾਲਿਦ ਮਹਿਮੂਦ ਨੇ ਵਿਦੇਸ ਅਤੇ ਰਾਸਟਰਮੰਡਲ ਮਾਮਲਿਆਂ ਬਾਰੇ ਮੰਤਰੀ ਤੋਂ ਭਾਰਤ ‘ਚ ਹੋਈ ਹਿੰਸਾ ਅਤੇ ਨਾਗਰਿਕਤਾ ਸੋਧ ਬਿੱਲ ਬਾਰੇ ਬਿਆਨ ਦੇਣ ਦੀ ਮੰਗ ਕੀਤੀ। ਇਸ ਦੇ ਜਵਾਬ ਵਿਚ ਮੰਤਰੀ ਨਾਈਜਲ ਐਡਾਮਸ ਨੇ ਕਿਹਾ ਕਿ ਵਿਦੇਸ਼ ਮੰਤਰੀ ਤੁਰਕੀ ਦੌਰੇ ‘ਤੇ ਹਨ, ਪਰ ਬਰਤਾਨਵੀ ਹਾਈ ਕਮਿਸ਼ਨ ਨਵੀਂ ਦਿੱਲੀ ਅਤੇ ਭਾਰਤ ਭਰ ਵਿਚ ਡਿਪਟੀ ਹਾਈ ਕਮਿਸ਼ਨਾਂ ਵਲੋਂ ਭਾਰਤ ਦੀ ਤਾਜਾ ਸਥਿਤੀ ‘ਤੇ ਨਜਰ ਰੱਖੀ ਹੋਈ ਹੈ, ਦਿੱਲੀ ਵਿਚ ਹੋਈਆਂ ਘਟਨਾਵਾਂ ਚਿੰਤਾਜਨਕ ਹਨ ਅਤੇ ਹਾਲਾਤ ਅਜੇ ਵੀ ਤਣਾਅਪੂਰਨ ਹਨ। ਇਸ ਮੌਕੇ ਮੰਤਰੀ ਨਾਈਜਲ ਨੇ ਕਿਹਾ ਕਿ ਅਸੀਂ ਕਿਸੇ ਇਕ ਧਰਮ ਦੇ ਲੋਕਾਂ ਨੂੰ ਨਿਸਾਨਾ ਬਣਾਉਣਾ ਅਤੇ ਹਿੰਸਾ ਫੈਲਾਉਣ ਦੀ ਨਿੰਦਾ ਕਰਦੇ ਹਾਂ, ਭਾਵੇਂ ਵਿਸਵ ਦੇ ਕਿਸੇ ਹਿੱਸੇ ‘ਚ ਵੀ ਅਜਿਹਾ ਹੋਵੇ। ਉਨ੍ਹਾਂ ਯੂ.ਕੇ. ਵੱਲੋਂ ਭਾਰਤ ਕੋਲ ਨਾਗਰਿਕਤਾ ਸੋਧ ਬਿੱਲ ਬਾਰੇ ਉਠਾਏ ਮਾਮਲੇ ਬਾਰੇ ਵੀ ਜਾਣਕਾਰੀ ਦਿੱਤੀ। ਬੌਬ ਬਲੈਕਮੈਨ ਨੇ ਕਿਹਾ ਕਿ ਹਿੰਸਾ ਵਿਚ ਮਰਨ ਵਾਲੇ ਸਿਰਫ ਮੁਸਲਿਮ ਹੀ ਨਹੀਂ ਸਨ ਬਲਕਿ ਹਿੰਦੂ ਭਾਈਚਾਰੇ ਦੇ ਲੋਕ ਵੀ ਮਰੇ ਹਨ। ਉਨ੍ਹਾਂ ਸੰਸਦ ਨੂੰ ਦੱਸਿਆ ਕਿ ੫੧੪ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਦਿੱਲੀ ਦੰਗਿਆਂ ਨੇ ਇਕ ਵਾਰ ਫਿਰ ਸਿੱਖਾਂ ਦੀ ੧੯੮੪ ਵਿਚ ਹੋਈ ਨਸਲਕੁਸੀ ਦੀ ਯਾਦ ਤਾਜਾ ਕਰਵਾਈ ਹੈ। ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ, ਉਨ੍ਹਾਂ ਲੋਕਾਂ ਤੋਂ ਮੂਰਖ ਨਹੀਂ ਬਣਨਾ ਚਾਹੀਦਾ, ਜਿਨ੍ਹਾਂ ਦਾ ਉਦੇਸ਼ ਸਮਾਜ ਨੂੰ ਵੰਡਣਾ ਅਤੇ ਲੋਕਾਂ ਨੂੰ ਮਾਰਨ ਅਤੇ ਧਰਮ ਦੇ ਨਾਂਅ ‘ਤੇ ਧਾਰਮਿਕ ਅਸਥਾਨਾਂ ਨੂੰ ਤਬਾਹ ਕਰਨਾ ਹੈ। ਐੱਮਪੀ. ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਅਕਤੂਬਰ ੧੯੮੪ ਵਿਚ ਕਾਂਗਰਸ ਦੇ ਰਾਜਭਾਗ ਹੇਠ ਸਿੱਖਾਂ ਦੀ ਨਸਲਕੁਸੀ ਕੀਤੀ ਗਈ। ਉਨ੍ਹਾਂ ਪੁੱਛਿਆ ਕਿ ਯੂ.ਕੇ. ਸਰਕਾਰ ਘੱਟ ਗਿਣਤੀਆਂ ਦੀ ਭਾਰਤ ਵਿਚ ਸੁਰੱਖਿਆ ਲਈ ਕੀ ਕੁਝ ਕਰ ਰਹੀ ਹੈ।

ਮੰਤਰੀ ਨਾਈਜਲ ਐਡਮਸ ਨੇ ਕਿਹਾ ਕਿ ਭਾਰਤ ਵਿਚ ਘੱਟ ਗਿਣਤੀਆਂ ਸੁਰੱਖਿਅਤ ਰਹਿਣ, ਜਿਸ ਲਈ ਅਸੀਂ ਸਬੰਧਿਤ ਅਧਿਕਾਰੀਆਂ ਕੋਲ ਮਾਮਲਾ ਉਠਾਵਾਂਗੇ। ਇਸ ਬਹਿਸ ਵਿਚ ਹੋਰ ਵੀ ਕਈ ਸੰਸਦ ਮੈਂਬਰਾਂ ਨੇ ਹਿੱਸਾ ਲਿਆ ਅਤੇ ਦਿੱਲੀ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕੀਤੀ,।