ਦਿੱਲੀ ਹਿੰਸਾ ਦੌਰਾਨ ਸਿੱਖ ਪਿਓ-ਪੁੱਤਰ ਵੱਲੋਂ 60 ਮੁਸਲਮਾਨਾਂ ਨੂੰ ਸੁਰੱਖਿਅਤ ਟਿਕਾਣਿਆਂ ਤੇ ਪਹੁੰਚਾਇਆ

0
1103

ਕੌਮੀ ਰਾਜਧਾਨੀ ‘ਚ ਪਿਛਲੇ ਦਿਨੀਂ ਹੋਏ ਦੰਗੇ ੧੯੮੪ ਦੇ ਸਿੱਖ ਕਤਲੇਆਮ ਤੋਂ ਬਾਅਦ ਸਭ ਤੋਂ ਭਿਆਨਕ ਸਨ। ਫਿਰਕੂ ਹਿੰਸਾ ਦੌਰਾਨ ਮਹਿੰਦਰ ਸਿੰਘ (੫੩) ਅਤੇ ਉਸ ਦੇ ਪੁੱਤਰ ਇੰਦਰਜੀਤ ਸਿੰਘ ਨੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰਦਿਆਂ ੬੦ ਤੋਂ ੮੦ ਮੁਸਲਮਾਨਾਂ ਨੂੰ ਸੁਰੱਖਿਅਤ ਟਿਕਾਣਿਆਂ ‘ਤੇ ਪਹੁੰਚਾਇਆ।
ਦੋਵੇਂ ਪਿਓ-ਪੁੱਤਰ ਨੇ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਨੂੰ ਆਪਣੇ ਬੁਲੇਟ ਮੋਟਰਸਾਈਕਲ ਅਤੇ ਸਕੂਟੀ ਰਾਹੀਂ ਦੰਗਿਆਂ ਵਾਲੇ ਸਥਾਨ ਤੋਂ ਕੱਢਿਆ। ਉਨਾਂ ਕਿਹਾ ਕਿ ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਇਲਾਕੇ ‘ਚ ਹਿੰਦੂਆਂ ਦੀ ਵੱਡੀ ਆਬਾਦੀ ਹੋਣ ਕਰਕੇ ਹਾਲਾਤ ਤਣਾਅ ਵਾਲੇ ਬਣ ਰਹੇ ਸਨ ਅਤੇ ਉਨਾਂ ਨੂੰ ਖਦਸ਼ਾ ਹੋ ਗਿਆ ਸੀ ਕਿ ਗੁਆਂਢ ‘ਚ ਰਹਿੰਦੇ ਮੁਸਲਿਮ ਭਾਈਚਾਰੇ ਦੀ ਜਾਨ ਮੁਸ਼ਕਲ ‘ਚ ਪੈ ਸਕਦੀ ਹੈ। ਮਹਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਪੁੱਤਰ ਨਾਲ ਮਿਲ ਕੇ ਗੋਕਲਪੁਰੀ ਤੋਂ ਕਰਦਮਪੁਰੀ ਤੱਕ ਇਕ ਘੰਟੇ ‘ਚ ੨੦-੨੦ ਗੇੜੇ ਕੱਟੇ। ਉਹ ਖੁਦ ਸਕੂਟੀ ਚਲਾਉਂਦੇ ਸਨ ਜਦਕਿ ਪੁੱਤਰ ਮੋਟਰਸਾਈਕਲ ‘ਤੇ ਮੁਸਲਮਾਨਾਂ ਨੂੰ ਬਿਠਾ ਕੇ ਲਿਜਾਂਦਾ ਰਿਹਾ। ਉਨਾਂ ਦੱਸਿਆ ਕਿ ਇਕ ਗੇੜੇ ‘ਚ ਉਹ ਤਿੰਨ ਤੋਂ ਚਾਰ ਔਰਤਾਂ ਅਤੇ ਬੱਚਿਆਂ ਨੂੰ ਲੈ ਕੇ ਜਾਂਦੇ ਸਨ।
ਕੁਝ ਮੁਸਲਿਮ ਨੌਜਵਾਨਾਂ ਨੂੰ ਦੰਗਾਕਾਰੀਆਂ ਦੀ ਨਜਰ ਤੋਂ ਬਚਾਉਣ ਲਈ ਉਨਾਂ ਦੇ ਸਿਰ ‘ਤੇ ਦਸਤਾਰਾਂ ਵੀ ਸਜਾਈਆਂ ਗਈਆਂ। ਮਹਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਵੱਲੋਂ ਪੇਸ਼ ਕੀਤੀ ਗਈ ਮਿਸਾਲ ਦੀ ਟਵਿੱਟਰ ‘ਤੇ ਵੀ ਚਰਚਾ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਉਨਾਂ ਨੂੰ ‘ਨਾਇਕ’ ਕਰਾਰ ਦਿੱਤਾ ਗਿਆ
ਹੈ।
-ਅੱਗ ਤੋਂ ਛੇ ਜਣੇ ਬਚਾਏ
ਉੱਤਰ-ਪੂਰਬੀ ਦਿੱਲੀ ਵਿਚ ਮੰਗਲਵਾਰ ਰਾਤ ਨੂੰ ਦੰਗਾਕਾਰੀਆਂ ਵੱਲੋਂ ਆਪਣੇ ਗੁਆਂਢ ‘ਚ ਰਹਿੰਦੇ ਮੁਸਲਮਾਨਾਂ ਦੇ ਘਰ ਨੂੰ ਅੱਗ ਲਾਏ ਜਾਣ ਬਾਰੇ ਪਤਾ ਲੱਗਣ ‘ਤੇ ਪ੍ਰੇਮਕਾਂਤ ਬਘੇਲ (੨੯) ਨਾਂ ਦੇ ਨੌਜਵਾਨ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਗੁਆਂਢੀ ਪਰਿਵਾਰ ਦੇ ਛੇ ਜੀਆਂ ਦੀ ਜਾਨ ਬਚਾ ਲਈ। ਇਸ ਦੌਰਾਨ ਪ੍ਰੇਮਕਾਂਤ ਜਖਮੀ ਹੋ ਗਿਆ, ਜਿਸ ਦਾ ਜੀਟੀਬੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।