ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਸਾਹਿਤਕਾਰ ਜੋਗਿੰਦਰ ਸਿੰਘ ਸ਼ਮਸ਼ੇਰ ਨੂੰ ਸ਼ਰਧਾਂਜਲੀ

0
1104

ਸਰੀ – ਵੈਨਕੂਵਰ ਵਿਚਾਰ ਮੰਚ ਦੀ ਇਕ ਵਿਸ਼ੇਸ਼ ਮੀਟਿੰਗ ਵਿਚ ਪ੍ਰਸਿੱਧ ਪੰਜਾਬੀ ਸਾਹਿਤਕਾਰ ਜੋਗਿੰਦਰ ਸਿੰਘ ਸ਼ਮਸ਼ੇਰ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸਦੀਵੀ ਵਿਛੋੜੇ ਉਪਰ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਵਿਚ ਪਾਏ ਵੱਡਮੁੱਲੇ ਯੋਗਦਾਨ ਦੀ ਚਰਚਾ ਕਰਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਉਹ ਬਹੁਪੱਖੀ ਲੇਖਕ ਸਨ। ਉਨ੍ਹਾਂ ਇਤਿਹਾਸਕ ਸਾਹਿਤ ਅਤੇ ਸਫਰਨਾਮਾ ਵਿਚ ਜ਼ਿਕਰਯੋਗ ਪਾਇਆ ਹੈ। ਸ. ਸੇਖਾ ਨੇ ਉਨ੍ਹਾਂ ਨਾਲ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਮਰਹੂਮ ਜੋਗਿੰਦਰ ਸਿੰਘ ਸ਼ਮਸ਼ੇਰ ਦਾ ਅੰਤਿਮ ਸੰਸਕਾਰ 4 ਸਤੰਬਰ 2021 ਨੂੰ ਕੋਕੁਇਟਲਮ ਵਿਖੇ ਹੋਵੇਗਾ

ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਉਹ ਆਪਣੀ ਸਮੁੱਚੀ ਸਿਰਜਣਾ ਕਾਰਨ ਅਤੇ ਵਿਸ਼ੇਸ਼ ਤੌਰ ‘ਤੇ ਦਿ ਓਵਰ ਟਾਈਮ ਅਤੇ ‘1919 ਦਾ ਪੰਜਾਬ’ ਵਰਗੀਆਂ ਮੁੱਲਵਾਨ ਰਚਨਾਵਾਂ ਲਈ ਪੰਜਾਬੀ ਸਾਹਿਤਕ ਜਗਤ ਹਮੇਸ਼ਾ ਜ਼ਿੰਦਾ ਰਹਿਣਗੇ। ਉਨ੍ਹਾਂ ਕਿਹਾ ਕਿ ਚੈਨਲ ਪੰਜਾਬੀ ਉਪਰ ਉਨ੍ਹਾਂ ਦੀ ਇੰਟਰਵਿਊ ਨਾ ਲੈ ਸਕਣ ਦਾ ਹਮੇਸ਼ਾ ਅਫਸੋਸ ਰਹੇਗਾ। ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਉਹ ਬਹੁਤ ਹੀ ਸਾਊ ਸ਼ਖ਼ਸੀਅਤ ਦੇ ਮਾਲਕ ਸਨ, ਬਹੁਤ ਵੱਡੇ ਵਿਦਵਾਨ ਅਤੇ ਸੁਲਝੇ ਹੋਏ ਲੇਖਕ ਸਨ।

ਹਰਦਮ ਸਿੰਘ ਮਾਨ ਨੇ ਉਨ੍ਹਾਂ ਦੀ ਮੌਤ ਉਪਰ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਵਿਗਿਆਨਕ ਸੋਚ ਦਾ ਦੀਵਾ ਜਗਾਉਣ ਵਾਲੇ ਲੇਖਕ ਸਨ। ਉਨ੍ਹਾਂ ਦਾ ਸਫਰਨਾਮਾ ਲੰਡਨ ਤੋਂ ਦਿੱਲੀ ਤੱਕ ਕਾਰ ਰਾਹੀਂ ਸਫਰ ਪੰਜਾਬੀ ਸਾਹਿਤ ਦੀ ਵੱਡਮੁੱਲੀ ਰਚਨਾ ਹੈ। ਰੇਡੀਓ ਹੋਸਟ ਅੰਗਰੇਜ਼ ਬਰਾੜ ਨੇ ਕਿਹਾ ਕਿ ਜੋਗਿੰਦਰ ਸਿੰਘ ਸ਼ਮਸ਼ੇਰ ਇਕ ਜ਼ਿੰਦਾਦਿਲ ਇਨਸਾਨ ਸਨ। ਉਨ੍ਹਾਂ ਨੂੰ ਇਕ ਵਧੀਆ ਸਫਰਨਾਮਾ ਲੇਖਕ, ਇਤਿਹਾਸਕਾਰ ਅਤੇ ਵਾਰਤਕ ਲੇਖਕ ਦੇ ਤੌਰ ਤੇ ਹਮੇਸ਼ਾ ਯਾਦ ਕੀਤਾ ਜਾਵੇਗਾ।