ਸੰਯੁਕਤ ਰਾਸ਼ਟਰ: ਤਾਲਿਬਾਨ ਦੇ ਕਾਬੁਲ ’ਤੇ ਮੁੜ ਕਾਬਜ਼ ਹੋਣ ਕਰਕੇ ਅਫ਼ਗ਼ਾਨਿਸਤਾਨ ਦੇ ਮੌਜੂਦਾ ਸੁਰੱਖਿਆ ਹਾਲਾਤ ’ਤੇ ਨਜ਼ਰਸਾਨੀ ਲਈ ਯੂਐਨ ਸੁਰੱਖਿਆ ਕੌਂਸਲ ਦੀ ਸੋਮਵਾਰ ਸ਼ਾਮ ਨੂੰ ਹੰਗਾਮੀ ਮੀਟਿੰਗ ਹੋਈ। ਮੀਟਿੰਗ ਵਿੱਚ ਅਫਗਾਨਿਸਤਾਨ ਦੇ ਨਿੱਘਰਦੇ ਸੁਰੱਖਿਆ ਹਾਲਾਤ ’ਤੇ ਚਰਚਾ ਕੀਤੀ ਗਈ। ਸੁਰੱਖਿਆ ਕੌਂਸਲ ਨੇ ਤਾਲਿਬਾਨ ਤੋਂ ਸੰਜਮ ਵਰਤਣ ਅਤੇ ਏਜੰਸੀਆਂ ਦੀ ਅਖੰਡਤਾ ਦਾ ਸਨਮਾਨ ਬਰਕਰਾਰ ਰੱਖਣ ਦੀ ਅਪੀਲ ਕੀਤੀ। ਸੰਯੁਕਤ ਰਾਸ਼ਟਰ ਦੇ ਸਕੱਰ-ਜਨਰਲ ਐਂਤੋਨੀਓ ਗੁਟੇਰੇਜ਼ ਨੇ ਸੁਰੱਖਿਆ ਕੌਂਸਲ ਨੂੰ ਅਫਗਾਨਿਸਤਾਨ ਵਿੱਚ ਆਲਮੀ ਦਹਿਸ਼ਤਗਰਦੀ ਦੇ ਖਤਰੇ ਨੂੰ ਦਬਾਉਣ ਲਈ ਸਾਰੇ ਸਾਧਨਾਂ ਦੀ ਵਰਤੋਂ ਕਰਨ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਗਾਰੰਟੀ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ 15 ਮੈਂਬਰੀ ਕੌਂਸਲ ਨੂੰ ਦੱਸਿਆ, “ਸਾਨੂੰ ਪੂਰੇ ਦੇਸ਼ ਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਮੈਂ ਖਾਸ ਤੌਰ ’ਤੇ ਅਫਗਾਨਿਸਤਾਨ ਦੀਆਂ ਔਰਤਾਂ ਅਤੇ ਲੜਕੀਆਂ ਖਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪ੍ਰਤੀ ਚਿੰਤਤ ਹਾਂ। ਅਸੀਂ ਅਫਗਾਨਿਸਤਾਨ ਦੇ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੇ। ’’