ਕਾਬੁਲ ’ਚ ਰਾਸ਼ਟਰਪਤੀ ਪੈਲੇਸ ’ਤੇ ਤਾਲਿਬਾਨੀ ਲੜਾਕਿਆਂ ਦਾ ਕਬਜ਼ਾ

0
652

ਕਾਬੁਲ: ਤਾਲਿਬਾਨ ਲੜਾਕਿਆਂ ਦੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦਾਖ਼ਲ ਹੋਣ ਮਗਰੋਂ ਅਫ਼ਗ਼ਾਨ ਸਦਰ ਅਸ਼ਰਫ਼ ਗਨੀ ਮੁਲਕ ਛੱਡ ਕੇ ਭੱਜ ਗਏ ਹਨ। ਗਨੀ ਨੇ ਕਿਹਾ ਕਿ ਉਹ ਮੁਲਕ ਛੱਡ ਕੇ ਜਾ ਰਹੇ ਹਨ ਤਾਂ ਕਿ ਸ਼ਹਿਰ ਵਿੱਚ ਖ਼ੂਨ-ਖਰਾਬਾ ਨਾ ਹੋਵੇ। ਇਸ ਦੌਰਾਨ ਮੁਲਕ ਛੱਡਣ ਲਈ ਕਾਹਲੇ ਸੈਂਕੜੇ ਅਫ਼ਗ਼ਾਨ ਕਾਬੁਲ ਹਵਾਈ ਅੱਡੇ ’ਤੇ ਇਕੱਠੇ ਹੋ ਗਏ ਹਨ। ਉਧਰ ਤਾਲਿਬਾਨੀ ਲੜਾਕਿਆਂ ਨੇ ਕਾਬੁਲ ਵਿੱਚ ਰਾਸ਼ਟਰਪਤੀ ਪੈਲੇਸ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਣ ਮਗਰੋਂ ਅਫ਼ਗ਼ਾਨਿਸਤਾਨ ਵਿੱਚ ਜੰਗ ਖ਼ਤਮ ਹੋਣ ਦਾ ਐਲਾਨ ਕਰ ਦਿੱਤਾ ਹੈ।

ਕਾਬਿਲੇਗੌਰ ਹੈ ਕਿ ਅਫ਼ਗ਼ਾਨ ਸਦਰ ਅਸ਼ਰਫ਼ ਗਨੀ ਐਤਵਾਰ ਨੂੰ ਇਸਲਾਮਿਕ ਦਹਿਸ਼ਤਗਰਦਾਂ ਦੇ ਸ਼ਹਿਰ ਵਿੱਚ ਦਾਖ਼ਲ ਹੋਣ ਮਗਰੋਂ ਮੁਲਕ ਛੱਡ ਕੇ ਭੱਜ ਗਏ ਸਨ। ਉਧਰ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਤਰਜਮਾਨ ਮੁਹੰਮਦ ਨਈਮ ਨੇ ਅਲ ਜਜ਼ੀਰਾ ਟੀਵੀ ਨੂੰ ਦੱਸਿਆ, ‘‘ਅੱਜ ਦਾ ਦਿਨ ਅਫ਼ਗ਼ਾਨ ਲੋਕਾਂ ਤੇ ਮੁਜਾਹੀਦੀਨ ਲਈ ਵੱਡਾ ਦਿਨ ਹੈ। ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਤੇ ਪਿਛਲੇ 20 ਸਾਲਾਂ ਤੋਂ ਦਿੱਤੀਆਂ ਕੁਰਬਾਨੀਆਂ ਨੂੰ ਬੂਰ ਪਿਆ ਹੈ। ਅੱਲ੍ਹਾ ਦਾ ਸ਼ੁੱਕਰ ਕਰਦੇ ਹਾਂ, ਮੁਲਕ ਵਿੱਚ ਜੰਗ ਖ਼ਤਮ ਹੋ ਗਈ ਹੈ।’’ ਅਮਰੀਕੀ ਫੌਜ ਦੇ ਅਫ਼ਗ਼ਾਨਿਸਤਾਨ ਛੱਡਣ ਮਗਰੋਂ ਤਾਲਿਬਾਨ ਨੂੰ ਪੂਰੇ ਮੁਲਕ ਦਾ ਕੰਟਰੋਲ ਆਪਣੇ ਹੱਥਾਂ ’ਚ ਲੈਣ ਨੂੰ ਇਕ ਹਫ਼ਤੇ ਤੋਂ ਵੱਧ ਦਾ ਸਮਾਂ ਲੱਗਾ ਹੈ। ਅਲ ਜਜ਼ੀਰਾ ਵੱਲੋਂ ਵਿਖਾਈਆਂ ਤਸਵੀਰਾਂ ਵਿੱਚ ਤਾਲਿਬਾਨੀ ਕਮਾਂਡਰ ਰਾਸ਼ਟਰਪਤੀ ਪੈਲੇਸ ਵਿੱਚ ਵੇਖੇ ਜਾ ਸਕਦੇ ਹਨ। ਨਈਮ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ ਨਵੀਂ ਹਕੂਮਤ ਬਾਰੇ ਤਸਵੀਰ ਜਲਦੀ ਹੀ ਸਾਫ਼ ਹੋ ਜਾਵੇਗੀ। ਤਾਲਿਬਾਨ ਦੇ ਬੁਲਾਰੇ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਹ ਕੁੱਲ ਆਲਮ ਨਾਲੋਂ ਅਲਹਿਦਾ ਨਹੀਂ ਰਹਿਣਗੇ ਤੇ ਕੌਮਾਂਤਰੀ ਰਿਸ਼ਤਿਆਂ ਵਿੱਚ ਅਮਨ ਦੇ ਹਾਮੀ ਹਨ।