ਖੇਤੀ ਕਾਨੂੰਨ ਜਲਦ ਰੱਦ ਕੀਤੇ ਜਾਣ: ਰਾਹੁਲ ਗਾਂਧੀ

0
701

ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਖੇਤੀ ਕਾਨੂੰਨ ਜਲਦ ਰੱਦ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਕਾਨੂੰਨਾਂ ਬਾਰੇ ਗੱਲਬਾਤ ਸਿਰੇ ਨਹੀਂ ਚੜ੍ਹ ਰਹੀ। ਸ੍ਰੀ ਰਾਹੁਲ ਨੇ ਅੱਜ 12 ਵਿਰੋਧੀ ਪਾਰਟੀਆਂ ਦੇ ਆਗੂਆਂ ਸਣੇ ਜੰਤਰ ਮੰਤਰ ਵਿੱਚ ਕਿਸਾਨ ਸੰਸਦ ਵਿੱਚ ਭਾਗ ਲਿਆ। ਇਸ ਮੌਕੇ ਤ੍ਰਿਣਮੂਲ ਕਾਂਗਰਸ ਤੇ ‘ਆਪ’ ਆਗੂ ਗੈਰਹਾਜ਼ਰ ਰਹੇ। ਸ੍ਰੀ ਗਾਂਧੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਜ਼ਰੂਰ ਰੱਦ ਹੋਣੇ ਚਾਹੀਦੇ ਹਨ ਕਿਉਂਕਿ ਗੱਲਬਾਤ ਨਾਲ ਗੱਲ ਨਹੀਂ ਬਣੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਸੰਸਦ ਦੇ ਮੌਜੂਦਾ ਮੌਨਸੂਨ ਸੈਸ਼ਨ ਵਿੱਚ ਵਿਰੋਧੀ ਧਿਰਾਂ ਨੂੰ ਲੋਕ-ਪੱਖੀ ਮੁੱਦੇ ਚੁੱਕਣ ਨਹੀਂ ਦਿੱਤੇ ਜਾ ਰਹੇ ਤੇ ਮੋਦੀ ਸਰਕਾਰ ਵੱਲੋਂ ਪੈਗਾਸਸ ਐਪ ਰਾਹੀਂ ਵਿਰੋਧੀ ਧਿਰਾਂ ਦੇ ਫੋਨਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ। ਇਸ ਮੌਕੇ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ, ਅੰਬਿਕਾ ਸੋਨੀ, ਗੁਰਜੀਤ ਔਜਲਾ, ਅਮਰ ਸਿੰਘ, ਪ੍ਰਤਾਪ ਬਾਜਵਾ ਤੇ ਹਰਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਦੀਪਿੰਦਰ ਹੁੱਡਾ ਹਾਜ਼ਰ ਸਨ।