ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ 25 ਸਾਲਾ ਨੌਜਵਾਨ ਉਸ ਸਮੇਂ ਜੇਹਲਮ ਦਰਿਆ ਵਿੱਚ ਵਹਿ ਗਿਆ, ਜਦੋਂ ਉਹ ਆਨਲਾਈਨ ਪਲੈਟਫਾਰਮ ਟਿਕ-ਟੌਕ ’ਤੇ ਵੀਡੀਓ ਦੀ ਸ਼ੂਟਿੰਗ ਕਰ ਰਿਹਾ ਸੀ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਪੀੜਤ ਸ਼ੇਖ ਅਲੀ ਅਤੇ ਉਸ ਦੇ ਦੋਸਤਾਂ ਨੇ ਫ਼ੈਸਲਾ ਕੀਤਾ ਕਿ ਉਹ ਐਤਵਾਰ ਨੂੰ ਪੰਜਾਬ ਸੂਬੇ ਦੇ ਨੈਕੋਕਾਰਾ ਤੋਂ ਦਰਿਆ ਵਿੱਚ ਛਾਲ ਮਾਰਨਗੇ, ਜਦੋਂਕਿ ਤੀਜਾ ਦੋਸਤ ਉਨ੍ਹਾਂ ਦੀ ਕਲਾਬਾਜ਼ੀ ਦੀ ਵੀਡੀਓ ਬਣਾਏਗਾ। ‘ਡੇਲੀ ਟਾਈਮਜ਼’ ਦੀ ਰਿਪੋਰਟ ਮੁਤਾਬਕ, ਹਾਲਾਂਕਿ, ਹਾਦਸਾ ਛੇਤੀ ਹੀ ਗਮੀ ਵਿੱਚ ਬਦਲ ਗਿਆ, ਜਦੋਂ ਅਲੀ ਪਾਣੀ ਵਿੱਚੋਂ ਬਾਹਰ ਨਹੀਂ ਆਇਆ। ਗੋਤਾਖੋਰਾਂ ਨੇ ਉਸ ਦੀ ਲਾਸ਼ ਨੂੰ ਪਾਣੀ ’ਚੋਂ ਕੱਢਿਆ। ਅਲੀ ਦੇ ਦੋਸਤ ਬਚ ਗਏ ਹਨ। ਟਿਕ-ਟੌਕ ਪਾਕਿਸਤਾਨ ’ਚ ਕਾਫ਼ੀ ਪ੍ਰਚੱਲਿਤ ਹੈ। ਹਾਲਾਂਕਿ, ਖ਼ਤਰਨਾਕ ਵੀਡੀਓ ਬਣਾਉਣ ਸਮੇਂ ਬਹੁਤ ਸਾਰੇ ਨੌਜਵਾਨਾਂ ਨੇ ਜਾਨ ਗੁਆਈ ਹੈ।