ਕੈਨੇਡਾ ਸਰਕਾਰ ਨੇ ਭਾਰਤ ਦੀਆਂ ਉਡਾਣਾਂ 22 ਜੂਨ ਤਕ ਬੰਦ ਰੱਖਣ ਦਾ ਲਿਆ ਫੈਸਲਾ

0
1280

ਸਰੀ: ਕੈਨੇਡਾ ਸਰਕਾਰ ਨੇ ਭਾਰਤੀ ਉਡਾਣਾਂ ਉਪਰ ਲਾਈ ਪਾਬੰਦੀ 22 ਜੂਨ ਤਕ ਵਧਾ ਦਿੱਤੀ ਹੈ। ਪਹਿਲਾਂ ਕੈਨੇਡਾ ਵਿਚ ਭਾਰਤੀ ਉਡਾਣਾਂ ਉਪਰ ਰੋਕ 22 ਮਈ ਤਕ ਲਾਈ ਸੀ। ਕੈਨੇਡਾ ਸਰਕਾਰ ਵੱਲੋਂ ਭਾਰਤੀ ਉਡਾਣਾਂ ਉਪਰ ਰੋਕ ਹੋਰ ਇਕ ਮਹੀਨਾਂ ਵਧਾਉਣ ਕਾਰਨ ਭਾਰਤ ਵਿਚ ਫਸੇ ਕੈਨੇਡਾ ਤੋਂ ਆਏ ਵੱਖ ਵੱਖ ਵਰਗਾਂ ਦੇ ਲੋਕਾਂ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ। ਭਾਰਤ ਵਿਚ ਫਸੇ ਕੈਨੇਡਾ ਤੋਂ ਆਏ ਲੋਕਾਂ ਨੇ ਕਿਹਾ ਕਿ ਭਾਰਤੀ ਉਡਾਣਾਂ ਉਪਰ ਟਰੂਡੋ ਸਰਕਾਰ ਵੱਲੋਂ ਪਾਬੰਦੀ ਲਾਉਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਉਹ ਕੈਨੇਡਾ ਤੋਂ ਭਾਰਤ ਜਰੂਰੀ ਕੰਮਾਂ ਲਈ ਮਹਿਜ਼ ਕੁਝ ਦਿਨਾਂ ਲਈ ਹੀ ਆਏ ਸਨ ਪਰ ਉਨ੍ਹਾਂ ਨੂੰ ਪਾਬੰਦੀਆਂ ਕਾਰਨ ਮਹੀਨਿਆਂਬੱਧੀ ਇਥੇ ਰਹਿਣ ਵਿਚ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੈਨੇਡਾ ਸਰਕਾਰ ਵੱਲੋਂ ਭਾਰਤ ਦੀਆਂ ਉਡਾਣਾਂ 22 ਜੂਨ ਤਕ ਬੰਦ ਰੱਖਣ ਦੇ ਫੈਸਲੇ ਨਾਲ ਭਾਰਤ ਵਿਚ ਫਸੇ ਹਜਾਰਾਂ ਕੈਨੇਡਾ ਤੋਂ ਗਏ ਲੋਕਾਂ ਵਿਚ ਚਿੰਤਾ ਵਧ ਗਈ ਹੈ। ਪਹਿਲਾਂ ਭਾਰਤ ਦੀ ਉਡਾਣਾਂ 22 ਮਈ ਤਕ ਬੰਦ ਕੀਤੀਆਂ ਸਨ। ਭਾਰਤ ਵਿਚ ਫਸੇ ਕੈਨੇਡਾ ਤੋਂ ਆਏ ਲੋਕਾਂ ਨੇ ਰੋਸ ਪ੍ਰਗਟ ਕੀਤਾ ਹੈ ਕਿ ਪਹਿਲਾਂ ਭਾਰਤ ਤੋਂ ਫਲਾਈਟ ਲੈਣ ਵੇਲੇ ਅਤੇ ਫਿਰ ਕੈਨੇਡਾ ਪੁੱਜ ਕੇ ਹਵਾਈ ਅੱਡੇ ਉਪਰ ਕੋਰੋਨਾ ਟੈਸਟ ਕਰਨ ਦੀਆਂ ਸ਼ਰਤਾਂ ਲਾਉਣ ਦੇ ਬਾਵਜੂਦ ਕੈਨੇਡਾ ਸਰਕਾਰ ਵੱਲੋਂ 22 ਜੂਨ ਤਕ ਉਡਾਣਾਂ ਬੰਦ ਕਰਕੇ ਭਾਰੀ ਬੇਇਨਸਾਫੀ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ੀਆਂ ਦੇ ਕੈਨੇਡਾ ਵਿਚ ਦਾਖਲੇ ਉਪਰ ਲਗਾਈਆਂ ਰੋਕਾਂ ਹਟਾਉਣ ਦੀ ਕਾਹਲੀ ਨਹੀਂ ਕੀਤੀ ਜਾਵੇਗੀ।
ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਅਮਰੀਕਾ ਨਾਲ ਸਰਹੱਦ ਨੂੰ ਪੜਾਅਵਾਰ ਖੋਲ੍ਹਣ ਦੀ ਗੱਲਬਾਤ ਚੱਲ ਰਹੀ ਹੈ ਪਰ ਪਾਬੰਦੀਆਂ ਇਕਦਮ ਹਟਾਉਣ ਦਾ ਜ਼ੋਖਮ ਨਹੀਂ ਲਿਆ ਜਾਵੇਗਾ।
ਉਨ੍ਹਾਂ ਸਪੱਸ਼ਟ ਕਿਹਾ ਕਿ ਕੈਨੇਡਾ ਦੀ ਜਦੋਂ 75 ਫੀਸਦੀ ਵਸੋਂ (ਬਾਲਗਾਂ) ਨੂੰ ਵੈਕਸੀਨ ਦੇ ਟੀਕੇ ਨਹੀਂ ਲੱਗ ਜਾਂਦੇ ਓਨਾ ਚਿਰ ਵਿਦੇਸ਼ੀਆਂ ਵਾਸਤੇ ਸਰਹੱਦਾਂ ਨੂੰ ਨਹੀਂ ਖੋਲ੍ਹਿਆ ਜਾ
ਸਕਦਾ।
ਕੈਨੇਡਾ ਦੇ ਅਮਰੀਕਾ ਨਾਲ਼ ਲੱਗਦੇ ਸਰਹੱਦੀ ਲਾਂਘੇ ’ਤੇ ਲੱਗੀ ਰੋਕ ਨੂੰ 21 ਜੂਨ ਤੱਕ ਵਧਾ ਦਿੱਤਾ ਹੈ ਅਤੇ ਵਿਦੇਸ਼ੀਆਂ (ਵਿਿਦਆਰਥੀਆਂ ਸਮੇਤ) ਦੀ ਆਮਦ ਗੈਰ-ਜ਼ਰੂਰੀ ਸਫਰ ‘ਤੇ ਲੱਗੀਆਂ ਪਾਬੰਦੀਆਂ ਜਾਰੀ ਰੱਖੀਆਂ ਜਾ ਰਹੀਆਂ ਹਨ। ਜੋ ਲੋਕ ਵਿਦੇਸ਼ਾਂ ਤੋਂ ਕੈਨੇਡਾ ’ਚ ਪਹੁੰਚਣਗੇ ਹਾਲ ਦੀ ਘੜੀ ਉਨ੍ਹਾਂ ਦੀਆਂ ਉਡਾਣਾਂ ਟੋਰਾਂਟੋ, ਵੈਨਕੂਵਰ, ਕੈਲਗਰੀ ਅਤੇ ਮਾਂਟਰੀਅਲ ਵਿਖੇ ਹਵਾਈ ਅੱਡਿਆਂ ’ਚ ਹੀ ਆ ਸਕਣਗੀਆਂ ਅਤੇ ਕੋਰੋਨਾ ਟੈਸਟ ਤੇ 3 ਦਿਨਾਂ ਤੱਕ ਮਾਨਤਾ ਪ੍ਰਾਪਤ ਹੋਟਲ ‘ਚ ਰੁਕਣ ਦੀ ਸ਼ਰਤ ਵੀ ਲਾਗੂ ਰਹੇਗੀ। ਏਅਰ ਕੈਨੇਡਾ ਵਲੋਂ ਕੈਨੇਡਾ ਤੋਂ ਭਾਰਤ ਦੀਆਂ ਯਾਤਰੀ ਉਡਾਣਾਂ 22 ਜੂਨ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਜਾ ਚੁੱਕਾ ਹੈ।