ਵੈਨਕੂਵਰ ਪੁਲਿਸ ਨੇ ਸ਼ੱਕੀ ਆਦਮੀ ਸਮਝ ਕੇ ਸਾਬਕਾ ਜੱਜ ਨੂੰ ਲਾਈ ਹੱਥਕੜੀ

0
756

ਸਰੀ (ਹਰਦਮ ਮਾਨ) ਵੈਨਕੂਵਰ ਪੁਲਿਸ ਨੇ ਸੈਰ ਕਰ ਰਹੇ ਇਕ 80 ਸਾਲਾ ਰਿਟਾਇਰਡ ਜੱਜ ਨੂੰ ਸ਼ੱਕੀ ਆਦਮੀ ਸਮਝ ਕੇ ਹੱਥਕੜੀ ਲਾ ਲਈ ਪਰ ਜਦੋਂ ਪਤਾ ਲੱਗਿਆ ਹੈ ਕਿ ਉਹ ਬੀ.ਸੀ. ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਹਨ ਤਾਂ ਪੁਲਿਸ ਦੇ ਭਾਅ ਦੀ ਬਣ ਗਈ। ਬਾਅਦ ਵਿਚ ਇਸ ਬੱਜਰ ਗਲਤੀ ਲਈ ਪਲਿਸ ਅਧਿਕਾਰੀਆਂ ਦੇ ਨਾਲ ਨਾਲ ਵੈਨਕੂਵਰ ਸਿਟੀ ਦੇ ਮੇਅਰ ਨੇ ਮੁਆਫੀ ਮੰਗ ਲਈ।

ਘਟਨਾ ਸ਼ੂੱਕਰਵਾਰ ਦੀ ਹੈ ਜਦੋਂ ਸੇਲਵਿਨ ਰੋਮਲੀ ਨਾਂ ਦੇ ਸਾਬਕਾ ਜੱਜ ਸਮੁੰਦਰੀ ਕਿਨਾਰੇ ‘ਤੇ ਸੈਰ ਕਰ ਰਹੇ ਸਨ। ਉਨ੍ਹਾਂ ਕੋਲ ਪੰਜ ਪੁਲਿਸ ਅਧਿਕਾਰੀ ਪਹੁੰਚੇ ਜਿਨ੍ਹਾਂ ਨੂੰ ਇਕ ਸ਼ੱਕੀ ਵਿਅਕਤੀ ਦੀ ਭਾਲ ਸੀ ਜੋ ਕਥਿਤ ਤੌਰ’ ਤੇ ਲੋਕਾਂ ਨੂੰ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਇਕ ਸ਼ੱਕੀ ਆਦਮੀ ਦਾ ਹੁਲੀਆ ਉਨ੍ਹਾਂ ਨਾਲ ਮੇਲ ਖਾਂਦਾ ਹੈ ਅਤੇ ਇਹ ਕਹਿ ਕੇ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਹੱਥਕੜੀ ਲਾ ਲਈ।

ਜ਼ਿਕਰਯੋਗ ਹੈ ਕਿ ਸੇਲਵਿਨ ਰੋਮਲੀ ਨੇ 1974 ਵਿਚ ਜੱਜ ਦਾ ਮਾਣਯੋਗ ਅਹੁਦਾ ਸੰਭਾਲਿਆ ਸੀ ਅਤੇ 1995 ਵਿਚ ਉਹ ਬੀ.ਸੀ. ਸੁਪਰੀਮ ਕੋਰਟ ਵਿਚ ਜੱਜ ਬਣਨ ਵਾਲੇ ਪਹਿਲੇ ਕਾਲੇ ਵਿਅਕਤੀ ਸਨ।

ਪੁਲਿਸ ਦੀ ਕਾਰਵਾਈ ਇਸ ਕਰਕੇ ਹੈਰਾਨ ਵੀ ਕਰਦੀ ਹੈ ਕਿ ਜਿਸ ਸ਼ੱਕੀ ਕਾਲੇ ਆਦਮੀ ਦੀ ਪੁਲਿਸ ਨੂੰ ਭਾਲ ਸੀ ਉਸ ਦੀ ਉਮਰ 40-50 ਸਾਲ ਦੱਸੀ ਗਈ ਹੈ ਜਦੋਂ ਕਿ ਸੇਲਵਿਨ ਰੋਮਲੀ 80 ਸਾਲਾਂ ਦੇ ਹਨ।

ਪੁਲਿਸ ਅਧਿਕਾਰੀਆਂ ਵੱਲੋਂ ਮੁਆਫੀ ਮੰਗਣ ਤੋਂ ਬਾਅਦ ਸੇਲਵਿਨ ਰੋਮਲੀ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਘਟਨਾ ਸੀ ਅਤੇ ਮੈਂ ਉਮੀਦ ਕਰਦਾ ਹਾਂ ਕਿ ਦੁਬਾਰਾ ਅਜਿਹਾ ਨਾ ਹੋਵੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਹੱਥਕੜੀ ਵਿਚ ਲਾਉਣ ਤੋਂ ਪਹਿਲਾਂ ਪੁਲਿਸ ਨੂੰ ਇਹ ਜ਼ਰੂਰ ਪਤਾ ਕਰਨਾ ਚਾਹੀਦਾ ਹੈ ਕਿ ਉਹ ਕੌਣ ਹੈ? ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਸਬੰਧੀ ਕਿਤੇ ਵੀ ਸ਼ਿਕਾਇਤ ਨਹੀਂ ਕਰਨਗੇ ਪਰ ਏਨਾ ਜ਼ਰੂਰ ਹੈ ਕਿ ਪੁਲਿਸ ਨੂੰ ਇਸ ਘਟਨਾ ਤੋਂ ਸਬਕ ਸਿੱਖਣਾ ਚਾਹੀਦਾ ਹੈ।