ਅਪ੍ਰੈਲ ਵਿਚ ਬੀ.ਸੀ. ਦੇ 43 ਹਜਾਰ ਵਰਕਰਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ

0
719

ਸਰੀ: ਕੋਵਿਡ-19 ਕਾਰਨ ਲੱਗੀਆਂ ਪਾਬੰਦੀਆਂ ਦੀ ਮਾਰ ਤੋਂ ਕਾਰੋਬਾਰੀਆਂ ਨੂੰ ਬਚਾਉਣ ਲਈ ਬੇਸ਼ੱਕ ਬੀ.ਸੀ. ਸਰਕਾਰ ਕਾਫੀ ਕੋਸ਼ਿਸ਼ਾਂ ਕਰਦੀ ਆ ਰਹੀ ਹੈ ਅਤੇ ‘ਸਰਕਟ ਬ੍ਰੇਕਰ ਬਿਜ਼ਨਸ ਰਿਲੀਫ ਗ੍ਰਾਂਟ’ ਵੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਪਰ ਫੇਰ ਵੀ ਪਿਛਲੇ ਮਹੀਨੇ ਅਪ੍ਰੈਲ ਵਿਚ 43 ਹਜਾਰ ਵਰਕਰਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ ਹਨ। ਇਨ੍ਹਾਂ ਵਿਚ ਜ਼ਿਆਦਾ ਵਰਕਰ ਪਾਰਟੀ ਟਾਈਮ ਨੌਕਰੀਆਂ ਤੇ ਸਨ। ਬੀ.ਸੀ. ਵਿਚ ਅਪ੍ਰੈਲ ਮਹੀਨੇ ਵਿਚ ਬੇਰੁਜ਼ਗਾਰੀ ਦੀ ਦਰ 7.1 ਪ੍ਰਤੀਸ਼ਤ ਹੋ ਗਈ ਹੈ ਜੋ ਕਿ ਮਾਰਚ ਵਿਚ 6.9 ਪ੍ਰਤੀਸ਼ਤ ਸੀ।

ਸਟੈਟਿਸਟਿਕਸ ਕੈਨੇਡਾ ਵੱਲੋਂ ਅਪ੍ਰੈਲ 2021 ਦੇ ਲੇਬਰ ਫੋਰਸ ਸਰਵੇਖਣ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬੀ.ਸੀ. ਦੇ ਜੌਬਸ, ਇਕਨੌਮਿਕ ਰਿਕਵਰੀ ਅਤੇ ਇਨੋਵੇਸ਼ਨ ਮੰਤਰੀ ਰਵੀ ਕਾਹਲੋਂ ਨੇ ਦੱਸਿਆ ਕਿ ਸੂਬੇ ਵਿਚ ਪਿਛਲੇ 11 ਮਹੀਨਿਆਂ ਦੌਰਾਨ ਨੌਕਰੀਆਂ ਵਿਚ ਲਗਾਤਾਰ ਹੋ ਰਹੇ ਵਾਧੇ ਤੋਂ ਬਾਅਦ ਪਹਿਲੀ ਵਾਰ ਨਾਂ-ਪੱਖੀ ਰੁਝਾਨ ਦਰਜ ਕੀਤਾ ਗਿਆ ਹੈ। ਪਰ ਫੇਰ ਬੀ.ਸੀ. ਦੇਸ਼ ਦੇ ਬਾਕੀ ਵੱਡੇ ਸੂਬਿਆਂ ਦੇ ਮੁਕਾਬਲੇ ਜੌਬ ਰਿਕਵਰੀ ਵਿਚ ਬਿਹਤਰ ਪ੍ਰਦਰਸ਼ਨ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ‘ਸਰਕਟ ਬ੍ਰੇਕਰ ਬਿਜ਼ਨਸ ਰਿਲੀਫ ਗ੍ਰਾਂਟ’ ਤਹਿਤ ਪ੍ਰਭਾਵਿਤ ਬਿਜ਼ਨਸਮੈਨਜ਼ ਨੂੰ 20 ਹਜਾਰ ਡਾਲਰ ਤਕ ਦੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਇਸ ਗ੍ਰਾਂਟ ਲਈ 125 ਮਿਲੀਅਨ ਡਾਲਰ ਤੋਂ ਵੱਧ ਰਕਮ ਰੱਖੀ ਗਈ ਹੈ।

ਵਰਨਣਯੋਗ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਕੈਨੇਡਾ ਭਰ ਵਿਚ 207,000 ਕਾਮਿਆਂ ਦੀਆਂ ਨੌਕਰੀਆਂ ਖੁੱਸੀਆਂ ਹਨ ਜਿਸ ਨਾਲ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ 8.1 ਪ੍ਰਤੀਸ਼ਤ ਹੋ ਗਈ ਹੈ।