ਕੈਨੇਡਾ ’ਚ 2026 ਤੱਕ ਇਮੀਗ੍ਰੇਸ਼ਨ ਦਾ ਸਾਲਾਨਾ ਕੋਟਾ 5 ਲੱਖ ਪੁੱਜਣ ਦੇ ਆਸਾਰ ਬਣੇ

0
1391

ਟੋਰਾਂਟੋ: 1980ਵਿਆਂ ਤੇ 90ਵਿਆਂ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਬਰਾਇਨ ਮੁਲਰੋਨੀ ਨੇ ਕਿਹਾ ਹੈ ਕਿ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਅਜਿਹੀ ਹੋਵੇ ਜਿਸ ਸਦਕਾ ਸੰਨ 2100 ਤੱਕ ਦੇਸ਼ ਦੀ ਆਬਾਦੀ 10 ਕਰੋੜ (ਹੁਣ ਤੋਂ ਤਿੱਗਣੀ) ਹੋ ਜਾਵੇ। ਉਨ੍ਹਾਂ ਆਖਿਆ ਕਿ ਖੁਸ਼ਹਾਲ ਕੈਨੇਡਾ ਦਾ ਨਿਰਮਾਣ ਪਰਵਾਸ ਨੀਤੀ ਨੂੰ ਉਤਸ਼ਾਹਿਤ ਕਰਨ ਨਾਲ ਕੀਤਾ ਜਾ ਸਕਦਾ ਹੈ। ਮੁਲਰੋਨੀ ਦੀ ਆਪਣੀ ਸਰਕਾਰ ਦੌਰਾਨ ਦੇਸ਼ ’ਚ ਸਲਾਨਾ ਪ੍ਰਵਾਸੀਆਂ ਦੀ ਗਿਣਤੀ ਤਿੰਨ ਗੁਣਾ ਵਧਾ ਦਿੱਤੀ ਸੀ।
ਉਨ੍ਹਾਂ ਆਖਿਆ ਕਿ ਮੌਜੂਦਾ ਦੌਰ ‘ਚ ਕੈਨੇਡਾ ‘ਚ ਬੱਚਿਆਂ ਦੀ ਜਨਮ ਦਰ ਤੋਂ ਸਪੱਸ਼ਟ ਹੈ ਕਿ ਵਿਦੇਸ਼ਾਂ ਤੋਂ ਲੋਕਾਂ ਨੂੰ ਆਉਣ ਦਾ ਮੌਕਾ ਦਿੱਤੇ ਬਿਨਾ ਦੇਸ਼ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਕਿਉਂਕਿ ਦੇਸ਼ ‘ਚ ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੈਨੇਡਾ ਵਲੋਂ 2021 ਤੋਂ 2023 ਤੱਕ 12 ਲੱਖ ਤੋਂ ਵੱਧ ਵਿਦੇਸ਼ੀਆਂ ਨੂੰ ਪੱਕੇ ਵੀਜ਼ੇ ਜਾਰੀ ਕਰਨ ਦਾ ਟੀਚਾ ਰੱਖਿਆ ਹੈ ਪਰ ਮੁਲਰੋਨੀ ਨੇ ਕਿਹਾ ਕਿ ਇਸ ਪੂਰੀ ਸਦੀ ਦਾ ਟੀਚਾ ਪੂਰਾ ਕਰਨ ਲਈ ਹੋਰ ਜ਼ਿਆਦਾ ਵੀਜੇ ਦਿੱਤੇ ਜਾਣੇ ਚਾਹੀਦੇ ਹਨ। ਇਹ ਵੀ ਕਿ 2026 ਤੱਕ ਹੀ ਇਮੀਗ੍ਰੇਸ਼ਨ ਦਾ ਹਰੇਕ ਸਾਲ ਦਾ ਸਾਲਾਨਾ ਟੀਚਾ 5 ਲੱਖ ਪ੍ਰਵਾਸੀਆਂ ਤੱਕ ਪੁੱਜ ਜਾਣ ਦੀ ਸੰਭਾਵਨਾ ਹੈ। ਵੱਧ ਜਨਮ ਦਰ ਦੇ ਲਿਹਾਜ਼ ਨਾਲ਼ ਭਾਰਤ ਸਮੇਤ ਏਸ਼ੀਆ ਤੇ ਅਫਰੀਕਾ ‘ਚ ਆਬਾਦੀ ਵਧ ਰਹੀ ਹੈ ਅਤੇ ਹੋਰ ਮਹਾਂਦੀਪਾਂ ‘ਚ ਨਵੇਂ ਬੱਚਿਆਂ ਦੀ ਜਨਮ ਦਰ ਓਨੀ ਤਸੱਲੀਬਖਸ਼ ਨਹੀਂ ਹੈ ਜਿਸ ਨਾਲ਼ ਸਥਾਨਕ ਆਰਥਿਕਤਾਵਾਂ ਦਾ ਵਿਕਾਸ ਕੀਤਾ ਜਾ ਸਕਦਾ ਹੋਵੇ।
ਕੈਨੇਡਾ ਇਸ ਸਮੇਂ ਦੁਨੀਆਂ ਦਾ 38ਵਾਂ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ ਪਰ ਜੇਕਰ ਅਬਾਦੀ ‘ਚ ਤੇਜ਼ ਗਤੀ ਨਾਲ਼ ਵਾਧਾ ਨਾ ਕੀਤਾ ਜਾ ਸਕਿਆ ਤਾਂ 80 ਕੁ ਸਾਲਾਂ ਬਾਅਦ ਉਸ ਦੇਸ਼ ਦਾ ਆਬਾਦੀ ਪੱਖੋਂ ਨੰਬਰ 48ਵਾਂ ਹੋ ਜਾਵੇਗਾ।
ਇਸੇ ਸਮੇਂ ਦੌਰਾਨ ਅਮਰੀਕਾ ਦੀ ਆਬਾਦੀ 45 ਕਰੋੜ ਹੋ ਜਾਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਜੋ ਕਿ ਇਸ ਸਮੇਂ ਸਾਰੀ ਧਰਤੀ ਉਪਰ ਤੇਜ਼ੀ ਨਾਲ਼ ਆਬਾਦੀ ਵੱਧਣ ਵਾਲੇ 10 ਪ੍ਰਮੁੱਖ ਦੇਸ਼ਾਂ ‘ਚ ਸ਼ਾਮਿਲ ਹੈ। ਰੋਜ਼ਗਾਰ ਮਾਰਕੀਟ ‘ਚ ਨੌਜਵਾਨ ਉਮਰ ਦੇ ਲੋਕਾਂ ਦੀ ਅਹਿਮੀਅਤ ਹੁੰਦੀ ਹੈ ਜੋ ਕਿ ਦੇਸ਼ ਦੇ ਕਰ ਦਾਤਾ ਬਣਦੇ ਹਨ ਤਾਂ ਕਿ ਬਜੁਰਗਾਂ ਨੂੰ ਪੈਨਸ਼ਨ ਦੇ ਕੇ ਉਨ੍ਹਾਂ ਨੂੰ ਚੰਗਾ ਸੇਵਾ ਮੁਕਤ ਜੀਵਨ ਪ੍ਰਦਾਨ ਕੀਤਾ ਜਾ
ਸਕੇ।