ਰੂਸ ਨੇ ਟਵਿੱਟਰ ’ਤੇ 116,778 ਡਾਲਰ ਦਾ ਜੁਰਮਾਨਾ ਠੋਕਿਆ

0
735

ਮਾਸਕੋ: ਆਪਣੀ ਸਾਈਟ ਤੋਂ ਪਾਬੰਦੀਸ਼ੁਦਾ ਸਮੱਗਰੀ ਹਟਾਉਣ ਤੋਂ ਇਨਕਾਰ ਕਰਨ ’ਤੇ ਰੂਸ ਨੇ ਟਵਿੱਟਰ ’ਤੇ 116,778 ਡਾਲਰ ਦਾ ਜੁਰਮਾਨਾ ਕੀਤਾ ਹੈ। ਖ਼ਬਰ ਏਜੰਸੀ ਸਿਨਹੂਆ ਮੁਤਾਬਕ ਟਵਿੱਟਰ ’ਤੇ ਨਾਬਾਲਗਾਂ ਨੂੰ ਗ਼ੈਰ-ਕਾਨੂੰਨੀ ਪ੍ਰਦਰਸ਼ਨਾਂ ’ਚ ਹਿੱਸਾ ਲੈਣ ਦੀ ਬੇਨਤੀ ਕਰਨ ਦੇ ਨਾਲ ਨਾਲ ਨਸ਼ਿਆਂ ਦੀ ਵਰਤੋਂ ਅਤੇ ਬਾਲ ਅਸ਼ਲੀਲਤਾ ਫੈਲਾਉਣ ਦੇ ਦੋਸ਼ ਲੱਗੇ ਹਨ। ਉਨ੍ਹਾਂ ਨੂੰ ਇਹ ਸਮੱਗਰੀ ਹਟਾਉਣ ਲਈ ਕਿਹਾ ਗਿਆ ਸੀ ਪਰ ਟਵਿੱਟਰ ਨੇ ਫੌਰੀ ਕੋਈ ਕਾਰਵਾਈ ਨਾ ਕੀਤੀ। ਹੁਣ ਟਵਿੱਟਰ ਨੂੰ 60 ਦਿਨਾਂ ਦੇ ਅੰਦਰ ਜੁਰਮਾਨਾ ਅਦਾ ਕਰਨਾ ਪਵੇਗਾ। ਰੂਸ ਦੀ ਖ਼ਬਰ ਏਜੰਸੀ ਤਾਸ ਮੁਤਾਬਕ ਮਾਸਕੋ ਦੀ ਤਗਾਂਸਕੀ ਜ਼ਿਲ੍ਹਾ ਅਦਾਲਤ ਨੇ ਟਵੀਟ ਨਾ ਹਟਾਉਣ ’ਤੇ ਟਵਿੱਟਰ ਨੂੰ 89 ਲੱਖ ਰੂਬਲ (116,778 ਡਾਲਰ) ਦਾ ਜੁਰਮਾਨਾ ਕੀਤਾ ਹੈ। ਅਦਾਲਤ ਵੱਲੋਂ ਫੇਸਬੁੱਕ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ’ਤੇ ਵੀ ਸੁਣਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਗੂਗਲ ਖ਼ਿਲਾਫ਼ ਕੇਸ ਦੀ ਸੁਣਵਾਈ 4 ਮਈ ਤੱਕ ਮੁਲਤਵੀ ਹੋ ਗਈ ਹੈ।