ਐਡਮਿੰਟਨ: ਭਾਰਤੀ ਬਾਜ਼ਾਰ ਵੱਲੋਂ ਸਪਲਾਈ ਕੀਤੇ ਜਾਂਦੇ ਗਰਮ ਮਸਾਲੇ ਅੱਜ-ਕੱਲ੍ਹ ਕੈਨੇਡਾ ਦੇ ਸਟੋਰਾਂ ‘ਤੇ ਪੂਰੀ ਗਰਮੀ ਵਿਖਾ ਰਹੇ ਹਨ ਅਤੇ ਇਨ੍ਹਾਂ ਮਸਾਲਿਆਂ ਦੀ ਭਾਰੀ ਮੰਗ ਹੈ।
ਭਾਰਤ ਵਲੋਂ ਸਪਲਾਈ ਕੀਤੇ ਜਾਂਦੇ ਮਸਾਲੇ ਜਿਨ੍ਹਾਂ ‘ਚ ਧਨੀਆਂ, ਜ਼ੀਰਾ, ਹਲਦੀ, ਮਿਰਚ, ਲੌਂਗ-ਲੈਚੀਂ ਅਤੇ ਦਾਲਾਂ ਜਿਵੇਂ ਮੂੰਗੀ, ਮਸਰ, ਹਰਹਰ ਮੋਠ ਤੇ ਹੋਰ ਦੇਸੀ ਜੜੀ-ਬੂਟੀਆਂ ਦੀ ਹਰ ਵਰਗ ‘ਚ ਮੰਗ ਹੈ।
ਮਸਾਲਿਆਂ ਦੀ ਵਧੀ ਮੰਗ ਸਬੰਧੀ ਐਡਮਿੰਟਨ ਦੇ ਇਕ ਪੰਜਾਬੀ ਸਟੋਰ ਮਾਲਕ ਨੇ ਦੱਸਿਆ ਕਿ ਭਾਰਤੀ ਗਰਮ ਮਸਾਲੇ ਹਰ ਦੇਸ਼ ਦੇ ਲੋਕ ਬੜੀ ਖ਼ੁਸ਼ੀ ਨਾਲ ਲੈ ਕੇ ਜਾਂਦੇ ਹਨ ਜਿਸ ਨਾਲ ਸਟੋਰਾਂ ‘ਤੇ ਇਸ ਦੀ ਵਿੱਕਰੀ ਦੁੱਗਣੀ ਹੋ ਗਈ ਹੈ।
ਕੁਝ ਦੇਸ਼ਾਂ ਦੇ ਮਸਾਲਿਆਂ ‘ਚ ਕੁਝ ਮਿਲਾਵਟ ਹੋਣ ਕਰ ਕੇ ਲੋਕਾਂ ਨੇ ਭਾਰਤੀ ਮਸਾਲਿਆਂ ਨੂੰ ਆਪਣੀ ਰਸੋਈ ‘ਚ ਜਗ੍ਹਾ ਦਿੱਤੀ ਅਤੇ ਹੁਣ ਇਹ ਮਸਾਲੇ ਹਰ ਵਰਗ ਦੇ ਖਾਣੇ ਦਾ ਸਵਾਦ ਬਣ ਗਏ ਹਨ। ਕੁਝ ਭਾਰਤੀ ਕੰਪਨੀਆਂ ਖ਼ਾਸ ਮਸਾਲੇ ਚੰਗੀ ਪੈਕਿੰਗ ‘ਚ ਸਪਲਾਈ ਕਰਦੇ ਹਨ, ਉਨ੍ਹਾਂ ਮਸਾਲਿਆਂ ਦੀ ਬਹੁਤ ਮੰਗ
ਹੈ।
ਪਿਛਲੇ ਤਿੰਨ ਸਾਲਾਂ ਤੋਂ ਜਿੱਥੇ ਇਨ੍ਹਾਂ ਮਸਾਲਿਆਂ ਦੀ ਗੁਣਵੱਤਾ ‘ਚ ਭਾਰਤ ਨੇ ਕਾਫ਼ੀ ਸੁਧਾਰ ਲਿਆਂਦਾ ਹੈ, ਉੱਥੇ ਬਹੁਤ ਦੇਸ਼ਾਂ ਨਾਲੋਂ ਕੀਮਤਾਂ ਵੀ ਬਹੁਤ ਵਾਜਬ ਹਨ, ਜਿਸ ਕਰ ਕੇ ਭਾਰਤੀ ਮਸਾਲਿਆਂ ਦੀ ਵੱਧ ਰਹੀ ਮੰਗ ਭਾਰਤ ਦੇ ਵਪਾਰ ਲਈ ਇਕ ਚੰਗੀ ਖ਼ਬਰ
ਹੈ।
ਇਸ ਦੇ ਨਾਲ ਸਬਜ਼ੀ ਸਟੋਰਾਂ ‘ਤੇ ਰਾਜਸਥਾਨ ਦੇ ਗੰਗਾਨਗਰ ਦੀ ਗਾਜਰ ਅਤੇ ਫਗਵਾੜੇ ਦੀ ਖੰਡ ਮਿੱਲ ਦੀ ਵਿੱਕਰੀ ਵੀ ਪੂਰੇ ਜ਼ੋਰਾਂ ‘ਤੇ ਹੈ।