ਵੈਨਕੂਵਰ ‘ਚ ਦੋ ਪੰਜਾਬੀ ਨੌਜਵਾਨ ਸਾੜ ਕੇ ਮਾਰੇ

0
765

ਵੈਨਕੂਵਰ: ਰਿਚਮੰਡ ਵਿੱਚ ਦੋ ਨੌਜਵਾਨ ਪੰਜਾਬੀ ਭਰਾਵਾਂ ਨੂੰ ਸਾੜ ਕੇ ਮਾਰ ਦਿੱਤਾ ਗਿਆ। ਉਨ੍ਹਾਂ ਦੀ ਪਹਿਚਾਣ ਚੇਤਨ ਢੀਂਡਸਾ (25) ਅਤੇ ਉਸ ਦੇ ਛੋਟੇ ਭਰਾ ਜੋਬਨ ਢੀਂਡਸਾ (23) ਵਜੋਂ ਹੋਈ ਹੈ। ਹਮਲਾਵਰਾਂ ਵੱਲੋਂ ਘਰ ਨੂੰ ਅੱਗ ਲਾਏ ਜਾਣ ਮੌਕੇ ਦੋਵੇਂ ਭਰਾ ਘਰ ’ਚ ਸੁੱਤੇ ਹੋਏ ਸਨ। ਪੁਲੀਸ ਵੱਲੋਂ ਘਟਨਾ ਤੋਂ ਇੱਕ ਦਿਨ ਬਾਅਦ ਜਾਰੀ ਜਾਣਕਾਰੀ ਅਨੁਸਾਰ ਅੱਧੀ ਰਾਤ ਮਗਰੋਂ ਰਿਚਮੰਡ ਦੇ ਪੂਰਬੀ ਖੇਤਰ ਵਿੱਚ ਫਰੇਜ਼ਰ ਦਰਿਆ ਦੇ ਅਲੈਕਸ ਪੁਲ ਨੇੜਲੇ ਖੇਤਰ ’ਚ ਘਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਨੂੰ ਪੁਲੀਸ ਦਲ ਅਤੇ ਅੱਗ ਬੁਝਾਊ ਅਮਲੇ ਨੇ ਕਾਫ਼ੀ ਜੱਦੋਜਹਿਦ ਮਗਰੋਂ ਬੁਝਾਇਆ। ਸਵੇਰ ਹੋਣ ’ਤੇ ਮਲਬੇ ਵਿਚੋਂ ਦੋ ਪੁਰਸ਼ਾਂ ਦੀਆਂ ਲਾਸ਼ਾਂ ਮਿਲੀਆਂ। ਗੁਆਂਢੀਆਂ ਨੇ ਪੁਲੀਸ ਨੂੰ ਦੱਸਿਆ ਸੀ ਕਿ ਅੱਗ ਲੱਗਣ ਤੋਂ ਪਹਿਲਾਂ ਉਨ੍ਹਾਂ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ। ਦੋ ਦਿਨਾਂ ਦੀ ਜਾਂਚ ਮਗਰੋਂ ਪੁਲੀਸ ਨੇ ਅੱਜ ਲਾਸ਼ਾਂ ਦੀ ਸ਼ਨਾਖਤ ਜਾਰੀ ਕੀਤੀ। ਪੁਲੀਸ ਦੀ ਤਰਜਮਾਨ ਲਾਰਾ ਜੈਨਸਨ ਅਨੁਸਾਰ ਦੋਵੇਂ ਭਰਾ ਇਥੋਂ ਦੀ ਗੈਂਗਵਾਰ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਦੋਵਾਂ ਵਿਰੁੱਧ ਵੀ ਪੁਲੀਸ ਕੇਸ ਦਰਜ ਸਨ, ਜਿਸ ਤੋਂ ਸਪੱਸ਼ਟ ਹੈ ਕਿ ਕਿਸੇ ਵੱਲੋਂ ਘਰ ਨੂੰ ਅੱਗ ਉਨ੍ਹਾਂ ਨੂੰ ਮਾਰਨ ਲਈ ਹੀ ਲਾਈ ਗਈ ਹੋਵੇਗੀ।