ਕੈਨੇਡਾ ਪਹੁੰਚਣ ’ਤੇ ਯਾਤਰੀਆਂ ਦਾ ਕਰੋਨਾ ਟੈਸਟ ਲਾਜ਼ਮੀ

0
820

ਵਿਨੀਪੈਗ: ਕੌਮਾਂਤਰੀ ਹਵਾਈ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਉਪਰੰਤ ਕੋਵਿਡ-19 ਦਾ ਟੈਸਟ ਲਾਜ਼ਮੀ ਤੌਰ ’ਤੇ ਕਰਵਾਉਣਾ ਪਵੇਗਾ ਅਤੇ ਯਾਤਰੀਆਂ ਨੂੰ ਤਿੰਨ ਦਿਨਾਂ ਤੱਕ ਆਪਣੇ ਟੈਸਟ ਦੇ ਨਤੀਜਿਆਂ ਦੀ ਉਡੀਕ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੋਟਲਾਂ ’ਚ ਰਹਿ ਕੇ ਕਰਨੀ ਹੋਵੇਗੀ। ਕੈਨੇਡਾ ਸਰਕਾਰ ਨੇ ਕੁਝ ਹੋਟਲਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਸਰਕਾਰੀ ਵੈੱਬ-ਪੰਨੇ ਅਨੁਸਾਰ ਇਹ ਹੋਟਲ ਚਾਰ ਕੈਨੇਡੀਅਨ ਸ਼ਹਿਰਾਂ ਵੈਨਕੂਵਰ, ਕੈਲਗਰੀ, ਟੋਰਾਂਟੋ ਅਤੇ ਮਾਂਟਰੀਅਲ ਵਿੱਚ ਹਨ, ਜਿੱਥੇ ਇਸ ਸਮੇਂ ਕੌਮਾਂਤਰੀ ਹਵਾਈ ਯਾਤਰੀਆਂ ਨੂੰ ਆਉਣ ਦੀ ਆਗਿਆ ਹੈ। ਤਿੰਨ ਦਿਨ ਇਕਾਂਤਵਾਸ ਕਰਨ ਲਈ ਸਰਕਾਰੀ-ਅਧਿਕਾਰਤ ਹੋਟਲਾਂ ਦੀ ਸੂਚੀ ਅਨੁਸਾਰ ਵੈਸਟਿਨ ਵਾਲ ਸੈਂਟਰ ਵੈਨਕੂਵਰ ਏਅਰਪੋਰਟ, ਅਕਲੇਮ ਅਤੇ ਮੈਰੀਅਟ ਹੋਟਲ ਕੈਲਗਰੀ, ਏ.ਐੱਲ.ਟੀ. ਹੋਟਲ, ਫੌਰ ਪੁਆਇੰਟ ਸ਼ੈਰਟਨ ਅਤੇ ਐਲੀਮੈਂਟ ਹੋਟਲ, ਹੌਲੀਡੇ ਇਨ ਅਤੇ ਸ਼ੈਰਟਨ ਗੇਟਵੇਅ ਹੋਟਲ ਟੋਰਾਂਟੋ ਪੀਅਰਸਨ ਏਅਰਪੋਰਟ ਜਦਕਿ ਮਾਂਟਰੀਅਲ ਪੀਅਰੇ-ਏਲੀਅਟ ਟਰੂਡੋ ਕੌਮਾਂਤਰੀ ਏਅਰਪੋਰਟ ’ਤੇ ਅਲੌਫਟ, ਕ੍ਰਾਊਨ, ਹੌਲੀਡੇਅ ਵਨ ਐਕਸਪ੍ਰੈੱਸ, ਅਤੇ ਮੈਰੀਅਟ ਇਨ ਇਸ ਵਿੱਚ ਸ਼ਾਮਲ ਹਨ। ਉਨ੍ਹਾਂ ਮੁਤਾਬਕ ਇਹ ਅੰਤਿਮ ਸੂਚੀ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਹੋਟਲ ਵੀ ਇਸ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ। ਯਾਤਰੀਆਂ ਨੂੰ ਆਪਣੇ ਹੋਟਲ ਬੁੱਕ ਕਰਵਾਉਣ ਲਈ ਫੋਨ ਨੰਬਰ 1-800-294-8253 (ਟੋਲ ਫਰੀ ਉੱਤਰੀ ਅਮਰੀਕਾ ’ਚ) ਅਤੇ 1-613-830-2992 (ਉੱਤਰੀ ਅਮਰੀਕਾ ਤੋਂ ਬਾਹਰੋਂ) ’ਤੇ ਫੋਨ ਕਰਨਾ ਪਵੇਗਾ, ਜਿਸ ਦੇ ਜਵਾਬ ’ਚ ਸਰਕਾਰ ਵੱਲੋਂ ਬੁਕਿੰਗ ਦੇ 4 ਘੰਟਿਆਂ ਦੇ ਅੰਦਰ ਯਾਤਰੀ ਨੂੰ ਪੁਸ਼ਟੀ ਲਈ ਈਮੇਲ ਭੇਜ ਦਿੱਤੀ ਜਾਵੇਗੀ।