ਚੰਡੀਗੜ੍ਹ: ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਲਈ ਪਈਆਂ ਵੋਟਾਂ ਦੇ ਨਤੀਜਿਆ ਵਿੱਚ ਕਾਂਗਰਸ ਨੇ ਬਹੁਤੀ ਥਾਂ ਕਬਜ਼ਾ ਕਰ ਲਿਆ ਹੈ। ਸੱਤ ਨਗਰ ਨਿਗਮਾਂ ਦੇ ਨਤੀਜਿਆਂ ਵਿੱਚ ਕਾਂਗਰਸ ਨੇ ਛੇ ’ਤੇ ਕਬਜ਼ਾ ਕਰ ਲਿਆ ਹੈ। ਮੋਗਾ ਨਗਰ ਨਿਗਮ ਵਿੱਚ ਪਾਰਟੀ ਨੂੰ ਬਹੁਤ ਨਹੀਂ ਮਿਲਿਆ। ਮੁਹਾਲੀ ਨਗਰ ਨਿਗਮ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਜਾਣਗੇ। ਕਾਂਗਰਸ ਨੇ ਅਬੋਹਰ, ਕਪੂਰਥਲਾ, ਬਟਾਲਾ, ਬਠਿੰਡਾ, ਪਠਾਨਕੋਟ ਤੇ ਹੁਸ਼ਿਆਰਪੁਰ ’ਤੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੈ। ਅਬੋਹਰ ਦੇ ਵਾਰਡ ਨੰਬਰ 1 ਤੋਂ 28 ਤੇ ਵਾਰਡ ਨੰਬਰ 35 ਤੋਂ 42 ਤੱਕ ਕਾਂਗਰਸ ਜੇਤੂ ਰਹੀ ਹੈ। ਨਗਰ ਪੰਚਾਇਤ ਅਰਨੀਵਾਲਾ ਤੋਂ ਵਾਰਡ ਨੰਬਰ 1 ਤੋਂ 5 ਤੇ ਵਾਰਡ ਨੰਬਰ 7 ਤੋਂ 11 ਤੱਕ ਕਾਂਗਰਸ ਅਤੇ ਵਾਰਡ ਨੰਬਰ 6 ਤੋ ਅਕਾਲੀ ਉਮੀਦਵਾਰ ਜੇਤੂ ਰਿਹਾ ਹੈ। ਨੰਗਲ ਦੇ 19 ਵਾਰਡਾਂ ਵਿੱਚੋਂ 15 ’ਤੇ ਕਾਂਗਰਸ, 2 ’ਤੇ ਭਾਜਪਾ ਅਤੇ 2 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਫਾਜ਼ਿਲਕਾ ਵਿੱਚ ਵਾਰਡ ਨੰਬਰ 2, 3, 4, 5, 7, 8, 9, 10 ਅਤੇ 11 ਤੋਂ ਕਾਂਗਰਸ ਉਮੀਦਵਾਰ ਜੇਤੂ ਰਹੇ, ਵਾਰਡ ਨੰਬਰ-1 ਤੋਂ ਆਮ ਅਤੇ ਵਾਰਡ ਨੰਬਰ 6 ਤੇ 12 ਤੋਂ ਭਾਜਪਾ ਉਮੀਦਵਾਰ ਜੇਤੂ ਰਹੇ ਹਨ। ਰਾਜਪੁਰਾ ਦੇ 31 ਵਾਰਡਾਂ ਵੱਚੋਂ 27 ’ਤੇ ਕਾਂਗਰਸ, 1 ’ਤੇ ਸ੍ਰੋਮਣੀ ਅਕਾਲੀ ਦਲ, 1 ’ਤੇ ਆਪ ਅਤੇ 2 ਵਾਰਡਾਂ ਵਿੱਚ ਭਾਜਪਾ ਦੇ ਉਮੀਦਵਾਰ ਜੇਤੂ ਰਹੇ ਹਨ। ਨਗਰ ਕੌਂਸਲ ਭਵਾਨੀਗੜ੍ਹ ਦੇ ਚੋਣ ਨਤੀਜੇ ਅਨੁਸਾਰ 15 ਵਿੱਚੋਂ 13 ‘ਤੇ ਕਾਂਗਰਸ ਪਾਰਟੀ, 1 ਅਕਾਲੀ ਦਲ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ।