ਵਾਸ਼ਿੰਗਟਨ: ਅਮਰੀਕੀ ਸੰਸਦ ਦੇ ਉਪਰਲੇ ਸਦਨ (ਸੈਨੇਟ) ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਤਿਹਾਸਕ ਮਹਾਦੋਸ਼ ਦੀ ਸੁਣਵਾਈ ’ਚ ਬਰੀ ਕਰ ਦਿੱਤਾ ਹੈ। ਇਸ ਤਰ੍ਹਾਂ ਪਿਛਲੇ ਮਹੀਨੇ ਭੀੜ ਨੂੰ ਕੈਪੀਟਲ ਹਿੱਲ ’ਤੇ ਹਮਲੇ ਲਈ ਭੜਕਾਉਣ ਦੇ ਦੋਸ਼ਾਂ ਤੋਂ ਟਰੰਪ ਮੁਕਤ ਹੋ ਗਏ ਹਨ। ਸਾਬਕਾ ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਦੀ ਇਹ ਦੂਸਰੀ ਸੁਣਵਾਈ ਸੀ। ਜ਼ਿਕਰਯੋਗ ਹੈ ਕਿ ਕੈਪੀਟਲ ਹਿੱਲ ’ਤੇ ਹੋਈ ਹਿੰਸਾ ਲਈ ਟਰੰਪ ਦੀ ਕਰੜੀ ਆਲੋਚਨਾ ਕੀਤੀ ਗਈ ਸੀ। ਟਰੰਪ ਨੂੰ ਦੋਸ਼ੀ ਠਹਿਰਾਉਣ ਲਈ ਦੋ-ਤਿਹਾਈ ਬਹੁਮੱਤ ਦੀ ਲੋੜ ਸੀ। ਸੈਨੇਟ ਨੇ ਟਰੰਪ ਨੂੰ ਦੋਸ਼ੀ ਠਹਿਰਾਉਣ ਦੇ ਪੱਖ ਵਿਚ 57-43 ਦੇ ਫ਼ਰਕ ਨਾਲ ਵੋਟਾਂ ਪਾਈਆਂ। ਰਿਪਬਲਿਕਨ ਆਗੂ ਮਿਚ ਮੈੱਕਕੌਨਲ ਨੇ ਟਰੰਪ ਦੀ ਸਦਨ ਵਿਚ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਗੱਲ ’ਤੇ ਕੋਈ ਸਵਾਲ ਨਹੀਂ ਹੈ ਕਿ ਸਾਬਕਾ ਰਾਸ਼ਟਰਪਤੀ ਕੈਪੀਟਲ ਹਿੱਲ ਦੀਆਂ ਘਟਨਾਵਾਂ ਨੂੰ ਸ਼ਹਿ ਦੇਣ ਲਈ ਜ਼ਿੰਮੇਵਾਰ ਸਨ। ਭੀੜ ਨੇ ਟਰੰਪ ਦੇ ਕਹਿਣ ਮੁਤਾਬਕ ਹੀ ਕਾਰਵਾਈ ਕੀਤੀ। ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਕਿ ਰਿਪਬਲਿਕਨਾਂ ਵੱਲੋਂ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਇਨਕਾਰ ਕਰਨਾ ‘ਮੁਲਕ ਦੇ ਇਤਿਹਾਸ ਵਿਚ ਸਭ ਤੋਂ ਕਾਲੇ ਦਿਨਾਂ ਵਜੋਂ ਯਾਦ ਰੱਖਿਆ ਜਾਵੇਗਾ।’ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਦਾ ਦੋਸ਼ ਮੁਕਤ ਹੋਣਾ ਸਾਬਿਤ ਕਰਦਾ ਹੈ ਕਿ ਉਹ ਹਾਲੇ ਵੀ ਪਾਰਟੀ ’ਤੇ ਆਪਣੀ ਸੱਜੇ ਪੱਖੀ ਅਪੀਲ ਨਾਲ ਪੂਰਾ ਕਬਜ਼ਾ ਰੱਖ ਰਹੇ ਹਨ। ਇਸ ਤੋਂ ਪਹਿਲਾਂ ਫਰਵਰੀ, 2020 ਦੀ ਸੁਣਵਾਈ ਦੌਰਾਨ ਵੀ ਰਿਪਬਲਿਕਨਾਂ ਨੇ ਟਰੰਪ ਦਾ ਬਚਾਅ ਕੀਤਾ ਸੀ।