ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਸ਼ੁਰੂ

0
935
Photo Credit: indiatoday.in

ਵਾਸ਼ਿੰਗਟਨ: ਅਮਰੀਕੀ ਸੈਨੇਟ ਨੇ ਮੁਲਕ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਸ਼ੁਰੂ ਕਰ ਦਿੱਤੀ। ਡੈਮੋਕਰੇਟਾਂ ਦੇ ਬਹੁਮਤ ਵਾਲੀ ਪ੍ਰਤੀਨਿਧੀ ਸਭਾ ਦੇ ਮਹਾਦੋਸ਼ ਪ੍ਰਬੰਧਕਾਂ ਨੇ ਟਰੰਪ ਖ਼ਿਲਾਫ਼ ਦੇਸ਼ ਧਰੋਹ ਭੜਕਾਉਣ ਦਾ ਦੋਸ਼ ਲਾਇਆ। ਡੈਮੋਕਰੇਟਿਕ ਸੰਸਦ ਮੈਂਬਰ ਜੈਮੀ ਰਸਕਿਨ ਦੀ ਅਗਵਾਈ ਹੇਠ ਪ੍ਰਤੀਨਿਧੀ ਸਭਾ ਦੇ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੇ ਟਰੰਪ ’ਤੇ 6 ਜਨਵਰੀ ਨੂੰ ਅਮਰੀਕਾ ’ਚ ਕੈਪੀਟੋਲ (ਸੰਸਦ ਭਵਨ) ’ਤੇ ਦੰਗੇ ਭੜਕਾਉਣ ਦਾ ਦੋਸ਼ ਲਾਇਆ। ਦੱਸਣਯੋਗ ਹੈ ਕਿ ਚੋਣਾਂ ਵਿੱਚ ਡੈਮੋਕਰੇਟ ਜੋ ਬਿਡੇਨ ਨੇ ਟਰੰਪ ਨੂੰ ਹਰਾਇਆ ਸੀ। ਸ੍ਰੀ ਬਿਡੇਨ ਨੇ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਸੀ। ਪ੍ਰਤੀਨਿਧੀ ਸਭਾ ਨੇ 20 ਜਨਵਰੀ ਤੋਂ ਪਹਿਲਾਂ ਹੀ ਉਸ ਸਮੇਂ ਟਰੰਪ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਜਦੋਂ ਉਹ ਮੁਲਕ ਦੇ ਰਾਸ਼ਟਰਪਤੀ ਸਨ ਤੇ ਹੁਣ ਉਨ੍ਹਾਂ ਦੇ ਵਾਈਟ ਹਾਊਸ ਛੱਡਣ ਦੇ ਤਿੰਨ ਹਫ਼ਤਿਆਂ ਬਾਅਦ ਸੈਨੇਟ ’ਚ ਉਨ੍ਹਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ। ਅਮਰੀਕੀ ਇਤਿਹਾਸ ’ਚ ਪਹਿਲੀ ਵਾਰ ਕਿਸੇ ਸਾਬਕਾ ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਜਦਕਿ ਦੋ ਵਾਰ ਮਹਾਦੋਸ਼ ਦੀ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਉਹ ਪਹਿਲੇ ਰਾਸ਼ਟਰਪਤੀ ਹਨ। ਸੈਨੇਟ ’ਚ ਸੰਸਦ ਮੈਂਬਰ ਸ੍ਰੀ ਰਸਕਿਨ ਨੇ ਕਿਹਾ,‘ਸਬੂਤ ਦੱਸਣਗੇ ਕਿ ਸਾਬਕਾ ਰਾਸ਼ਟਰਪਤੀ ਟਰੰਪ ਨਿਰਦੋਸ਼ ਨਹੀਂ ਹਨ। ਸਬੂਤ ਦੱਸਣਗੇ ਕਿ ਉਨ੍ਹਾਂ ਸਪੱਸ਼ਟ ਤੌਰ ’ਤੇ 6 ਜਨਵਰੀ ਨੂੰ ਦੰਗਾ ਭੜਕਾਇਆ।’