ਓਟਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਫੋਨ ’ਤੇ ‘ਵਧੀਆ ਗੱਲਬਾਤ’ ਹੋਈ ਹੈ। ਇਸ ਦੌਰਾਨ ਦੋਵੇਂ ਆਗੂਆਂ ਨੇ ਲੋਕਤੰਤਰੀ ਸਿਧਾਂਤਾਂ ਲਈ ਦੋਵੇਂ ਮੁਲਕਾਂ ਦੀ ਵਚਨਬੱਧਤਾ, ਹਾਲੀਆ ਪ੍ਰਦਰਸ਼ਨਾਂ ਅਤੇ ਵਾਰਤਾ ਰਾਹੀਂ ਮਸਲਿਆਂ ਦੇ ਹੱਲ ਦੇ ਮਹੱਤਵ ਬਾਰੇ ਚਰਚਾ ਕੀਤੀ।
ਟਰੂਡੋ ਨੇ ਟਵੀਟ ਕੀਤਾ,‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਈ ਮੁੱਦਿਆਂ ’ਤੇ ਮੇਰੀ ਵਧੀਆ ਗੱਲਬਾਤ ਹੋਈ ਅਤੇ ਅਸੀਂ ਅੱਗੇ ਵੀ ਸੰਪਰਕ ’ਚ ਰਹਿਣ ’ਤੇ ਸਹਿਮਤੀ ਜਤਾਈ ਹੈ।’’ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ’ਚ ਭਾਰਤ ’ਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਸੰਦਰਭ ’ਚ ਕਿਹਾ,‘‘ਦੋਵੇਂ ਆਗੂਆਂ ਨੇ ਲੋਕਤੰਤਰੀ ਸਿਧਾਂਤਾਂ ਲਈ ਕੈਨੇਡਾ ਅਤੇ ਭਾਰਤ ਦੀ ਵਚਨਬੱਧਤਾ, ਹਾਲੀਆ ਪ੍ਰਦਰਸ਼ਨਾਂ ਅਤੇ ਵਾਰਤਾ ਰਾਹੀਂ ਮਸਲਿਆਂ ਦੇ ਹੱਲ ਦੀ ਅਹਿਮੀਅਤ ’ਤੇ ਚਰਚਾ ਕੀਤੀ।’’ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ’ਚ ਵੀ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਹਮੇਸ਼ਾ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਹਮਾਇਤ ਕਰਦਾ ਰਹੇਗਾ ਅਤੇ ਉਨ੍ਹਾਂ ਹਾਲਾਤ ਨੂੰ ਲੈ ਕੇ ਆਪਣੀ ਫਿਕਰਮੰਦੀ ਵੀ ਜਤਾਈ ਸੀ। ਭਾਰਤ ਨੇ ਇਸ ਤੋਂ ਬਾਅਦ ਕੈਨੇਡਾ ਦੇ ਹਾਈ ਕਮਿਸ਼ਨ ਨਾਦਿਰ ਪਟੇਲ ਨੂੰ ਤਲਬ ਕਰਕੇ ਕਿਹਾ ਸੀ ਕਿ ਟਰੂਡੋ ਅਤੇ ਉਨ੍ਹਾਂ ਦੇ ਮੰਤਰੀ ਸਾਥੀਆਂ ਵੱਲੋਂ ਕਿਸਾਨਾਂ ਦੇ ਪ੍ਰਦਰਸ਼ਨਾਂ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ਮੁਲਕ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਹੈ ਅਤੇ ਜੇਕਰ ਇਹ ਅੱਗੇ ਵੀ ਜਾਰੀ ਰਿਹਾ ਤਾਂ ਦੁਵੱਲੇ ਸੰਬਧਾਂ ’ਤੇ ਇਸ ਦੇ ਗੰਭੀਰ ਸਿੱਟੇ ਨਿਕਲਣਗੇ।
ਨਵੀਂ ਦਿੱਲੀ ’ਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੂਡੋ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ, ਕੈਨੇਡਾ ਨੂੰ ਟੀਕਾਕਰਨ ’ਚ ਪੂਰਾ ਸਹਿਯੋਗ ਦੇਵੇਗਾ।