ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ਨੂੰ ਮੁੜ ਅਪੀਲ ਕੀਤੀ ਕਿ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਵਾਪਸ ਲਏ ਜਾਣ। ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਵਿਚਾਰ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ, ‘ਨਿਮਰ ਢੰਗ ਨਾਲ ਤੁਸੀਂ ਦੁਨੀਆ ਹਿਲਾ ਸਕਦੇ ਹੋ: ਮਹਾਤਮਾ ਗਾਂਧੀ। ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਖੇਤੀ ਵਿਰੋਧੀ ਕਾਨੂੰਨ ਤੁਰੰਤ ਵਾਪਸ ਲਏ ਜਾਣ।’ ਕਾਂਗਰਸ ਆਗੂ ਨੇ ਬੀਤੇ ਦਿਨ ਹੋਈ ਹਿੰਸਾ ਦੀ ਪਿੱਠਭੂਮੀ ’ਚ ਮਹਾਤਮਾ ਗਾਂਧੀ ਦੇ ਵਿਚਾਰ ਦਾ ਜ਼ਿਕਰ ਕੀਤਾ ਹੈ।
ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਅੱਜ ਦੋਸ਼ ਲਾਇਆ ਕਿ ਗਣਤੰਤਰ ਦਿਵਸ ਮੌਕੇ ਕੌਮੀ ਰਾਜਧਾਨੀ ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ’ਚ ਹੰਗਾਮਾ ਕਰਨ ਲਈ ਭਾਜਪਾ ਨੇ ਆਪਣੇ ਪਿੱਠੂ ਦੀਪ ਸਿੱਧੂ ਨੂੰ ਭੇਜਿਆ ਸੀ। ਭਾਜਪਾ ਤੇ ਸਿੱਧੂ ਵਿਚਾਲੇ ਸਬੰਧਾਂ ’ਤੇ ਸਵਾਲ ਚੁੱਕਿਆਂ ‘ਆਪ’ ਦੇ ਬੁਲਾਰੇ ਰਾਘਵ ਚੱਢਾ ਨੇ ਭਾਜਪਾ ਦੇ ਕਈ ਸੀਨੀਅਰ ਆਗੂਆਂ ਨਾਲ ਦੀਪ ਸਿੱਧੂ ਦੀ ਕਥਿਤ ਤਸਵੀਰਾਂ ਦਿਖਾਈਆਂ। ਉਨ੍ਹਾਂ ਕਿਹਾ, ‘ਕਿਸਾਨਾਂ ਦੀ ਟਰੈਕਟਰ ਪਰੇਡ ’ਚ ਹੰਗਾਮਾ ਖੜ੍ਹਨ ਕਰਨ ਲਈ ਭਾਜਪਾ ਨੇ ਦੀਪ ਸਿੱਧੂ ਨੂੰ ਆਪਣਾ ਪਿੱਠੂ ਬਣਾਇਆ।’