ਵੈਨਕੂਵਰ: ਆਰਥਿਕ ਚਿੰਤਾਵਾਂ, ਪਾਈਪਲਾਈਨ ਵਿਵਾਦ ਤੇ ਮੂਲਵਾਸੀਆਂ ਦੇ ਜ਼ਮੀਨੀ ਅਧਿਕਾਰਾਂ ਸਬੰਧੀ ਮੁੱਦਿਆਂ ਨੂੰ ਲੈ ਕੇ ਕੈਨੇਡੀਅਨਾਂ ਦਾ ਮੋਹ ਲਿਬਰਲ ਸਰਕਾਰ ਨਾਲੋਂ ਟੁੱਟ ਰਿਹਾ ਹੈ। ਇਸਦਾ ਖੁਲਾਸਾ ਹਾਲ ਹੀ ਵਿਚ ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਵਿਚ ਹੋਇਆ ਹੈ। ਨੈਨੋਜ਼ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਤੋਂ ਸਾਹਮਣੇ ਆਇਆ ਕਿ ਕੰਜ਼ਰਵੇਟਿਵਾਂ ਦੇ ਸਮਰਥਨ ਵਿੱਚ ਵਾਧਾ ਹੋਇਆ ਹੈ ਤੇ ਇਹ ੩੬ ਫੀਸਦੀ ਤੱਕ ਵੱਧ ਗਿਆ ਹੈ ਜਦਕਿ ਲਿਬਰਲਾਂ ਨੂੰ ਮਿਲ ਰਿਹਾ ਸਮਰਥਨ ੩੩ ਫੀਸਦੀ ਦਰਜ ਕੀਤਾ ਗਿਆ ਹੈ। ਇਹ ਸਰਵੇਖਣ ੨੧ ਫਰਵਰੀ ਨੂੰ ਮੁੱਕੇ ਹਫਤੇ ਦੌਰਾਨ ਉਦੋਂ ਕੀਤਾ ਗਿਆ ਜਦੋਂ ਟੈਕ ਰਿਸੋਰਸਿਜ਼ ਨੇ ਇਹ ਐਲਾਨ ਕੀਤਾ ਸੀ ਕਿ ਉਹ ਉੱਤਰੀ ਅਲਬਰਟਾ ਵਿੱਚ ਵੱਡਾ ਆਇਲਸੈਂਡਜ਼ ਪ੍ਰੋਜੈਕਟ ਤਿਆਰ ਕਰਨ ਸਬੰਧੀ ਆਪਣੀ ਅਰਜ਼ੀ ਵਾਪਿਸ ਲੈ ਰਹੀ ਹੈ ਤੇ ਓਨਟਾਰੀਓ ਵਿੱਚ ਰੇਲ ਬਲਾਕੇਡ ਨੂੰ ਖ਼ਤਮ ਕਰਨ ਲਈ ਪੁਲਿਸ ਵੱਲੋਂ ਦਿੱਤੇ ਗਏ ਦਖਲ ਤੋਂ ਪਹਿਲਾਂ ਇਹ ਸਰਵੇਖਣ ਕਰਵਾਇਆ ਗਿਆ।
ਪਰ ਟਰੂਡੋ ਸਰਕਾਰ ਨੂੰ ਜਕੜੀ ਬੈਠੇ ਮੁੱਦਿਆਂ ਦੇ ਹੱਲ ਲਈ ਕਾਹਲੇ ਪਏ ਕੈਨੇਡੀਅਨ ਵੀ ਪਾਈਪਲਾਈਨ ਤੇ ਮੂਲਵਾਸੀ ਮੁੱਦਿਆਂ ਉੱਤੇ ਵੰਡੇ ਗਏ ਹਨ। ਪੋਲਸਟਰ ਨਿੱਕ ਨੈਨੋਜ਼ ਨੇ ਆਖਿਆ ਕਿ ਇਹ ਤਾਜ਼ਾ ਮਾਹੌਲ ਸਾਡਾ ਧਿਆਨ ਇਸ ਗੱਲ ਵੱਲ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਾਨੂੰ ਆਪਣੇ ਹਾਲਾਤ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਨਾ ਸਿਰਫ ਇਸ ਮੁੱਦੇ ਦਾ ਫੌਰੀ ਹੱਲ ਚਾਹੀਦਾ ਹੈ ਸਗੋਂ ਅਜਿਹਾ ਹੱਲ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਭਵਿੱਖ ਵਿੱਚ ਮੁੜ ਨਾ ਵਾਪਰਨ। ਸਾਨੂੰ ਸਥਿਰਤਾ ਲਿਆਉਣ ਲਈ ਵੀ ਕੁੱਝ ਕਰਨਾ ਚਾਹੀਦਾ ਹੈ ਤਾਂ ਕਿ ਸਿਆਸੀ ਫੈਸਲੇ ਲੈਣ ਤੋਂ ਪਹਿਲਾਂ ਕੈਨੇਡੀਅਨ ਕਿਸੇ ਫਰੇਮਵਰਕ ਨੂੰ ਆਧਾਰ ਬਣਾ ਸਕਣ।
ਉਨ੍ਹਾਂ ਆਖਿਆ ਕਿ ਮੌਜੂਦਾ ਹਾਲਾਤ ਟਰੂਡੋ ਸਰਕਾਰ ਲਈ ਕੋਈ ਬਹੁਤੇ ਵਧੀਆ ਨਹੀਂ ਹਨ। ਹਰ ਕਿਸੇ ਨੂੰ ਖੁਸ਼ ਕਰਨਾ ਬਹੁਤ ਔਖਾ ਹੈ ਕਿਉਂਕਿ ਜਿਨ੍ਹਾਂ ਕੈਨੇਡੀਅਨਾਂ ਦਾ ਝੁਕਾਅ ਵਾਤਾਵਰਣ ਪੱਖੀ ਹੈ ਉਹ ਪਾਈਪਲਾਈਨਾਂ ਨਹੀਂ ਚਾਹੁੰਦੇ। ਜਿਹੜੇ ਕੈਨੇਡੀਅਨ ਨੌਕਰੀਆਂ ਚਾਹੁੰਦੇ ਹਨ ਤੇ ਰੋਜ਼ਗਾਰ ਦੇ ਸਰੋਤ ਚਾਹੁੰਦੇ ਹਨ ਉਹ ਇਸ ਸਰਕਾਰ ਵੱਲੋਂ ਵਾਤਾਵਰਣ ਸਬੰਧੀ ਦਿੱਤੇ ਜਾ ਰਹੇ ਨਿਰਦੇਸ਼ਾਂ ਤੋਂ ਸਹਿਜ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਨੈਨੋਜ਼ ਵੱਲੋਂ ਪਾਈਪਲਾਈਨਜ਼ ਦੇ ਸਬੰਧ ਵਿੱਚ ਕੈਨੇਡੀਅਨਾਂ ਦੇ ਵਿਚਾਰ ਜਾਨਣ ਲਈ ਇੱਕ ਵੱਖਰਾ ਸਰਵੇ ਕਰਵਾਇਆ ਗਿਆ ਸੀ। ਉਸ ਸਰਵੇ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ ੪੭ ਫੀ ਸਦੀ ਦਾ ਕਹਿਣਾ ਸੀ ਕਿ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਕੈਨੇਡਾ ਨੂੰ ਪਾਈਪਲਾਈਨ ਪ੍ਰੋਜੈਕਟਾਂ ਦੀ ਲੋੜ ਹੈ ਜਦਕਿ ੪੩ ਫੀ ਸਦੀ ਦਾ ਮੰਨਣਾ ਸੀ ਕਿ ਅਜਿਹੇ ਪ੍ਰੋਜੈਕਟ ਬੰਦ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਦਾ ਅਸਰ ਕਲਾਈਮੇਟ ਚੇਂਜ ਉੱਤੇ ਪੈਂਦਾ ਹੈ। ਦਸ ਫੀ ਸਦੀ ਦੀ ਇਨ੍ਹਾਂ ਮੁੱਦਿਆਂ ਬਾਰੇ ਕੋਈ ਸਪਸ਼ਟ ਰਾਇ ਨਹੀਂ ਸੀ।