‘ਕਿਸਾਨਾਂ ਨੂੰ ਅਮਨ-ਅਮਾਨ ਨਾਲ ਟਰੈਕਟਰ ਰੈਲੀ ਕੱਢਣ ਦਾ ਸੰਵਿਧਾਨਕ ਹੱਕ’

0
850

ਦਿੱਲੀ: ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਸ਼ਾਂਤੀਪੂਰਵਕ ਟਰੈਕਟਰ ਰੈਲੀ ਕੱਢਣ ਦਾ ਸੰਵਿਧਾਨਕ ਹੱਕ ਹੈ। ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਤਜਵੀਜ਼ਤ ਇਸ ਰੈਲੀ ’ਚ ਹਜ਼ਾਰਾਂ ਕਿਸਾਨ ਸ਼ਿਰਕਤ ਕਰਨਗੇ। ਬੀਕੇਯੂ (ਲੱਖੋਵਾਲ) ਪੰਜਾਬ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਨੇ ਕਿਹਾ ਕਿ ਕਿਸਾਨ ਰਾਜਪੱਥ ਸਮੇਤ ਉੱਚ ਸੁਰੱਖਿਆ ਵਾਲੇ ਕਿਸੇ ਵੀ ਖੇਤਰ ਵਿੱਚ ਟਰੈਕਟਰ ਰੈਲੀ ਨਹੀਂ ਕੱਢਣਗੇ। ਕਿਸਾਨ ਆਗੂ ਨੇ ਸਾਫ਼ ਕਰ ਦਿੱਤਾ ਕਿ ਉਹ ਦਿੱਲੀ ਦੇ ਬਾਹਰੀ ਰਿੰਗ ਰੋਡ ’ਤੇ ਹੀ ਟਰੈਕਟਰ ਮਾਰਚ ਕੱਢਣਗੇ ਤੇ ਰਾਜਪੱਥ ’ਤੇ ਹੋਣ ਵਾਲੀ ਕੌਮੀ ਪਰੇਡ ’ਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ। ਇਕ ਹੋਰ ਕਿਸਾਨ ਆਗੂ ਤੇ ਆਲ ਇੰਡੀਆ ਕਿਸਾਨ ਸਭਾ ਦੇ ਉਪ ਪ੍ਰਧਾਨ (ਪੰਜਾਬ) ਲਖਬੀਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਮਾਰਚ ਮਗਰੋਂ ਕਿਸਾਨ ਧਰਨੇ ਵਾਲੀਆਂ ਥਾਵਾਂ ’ਤੇ ਮੁੜ ਜਾਣਗੇ। ਉਧਰ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਅਮਨ ਅਮਾਨ ਨਾਲ ਟਰੈਕਟਰ ਮਾਰਚ ਕੱਢੇ ਜਾਣ ਨੂੰ ਕਿਸਾਨਾਂ ਦਾ ਸੰਵਿਧਾਨਕ ਹੱਕ ਕਰਾਰ ਦਿੱਤਾ। ਉਗਰਾਹਾਂ ਨੇ ਕਿਹਾ ਕਿ ਜੇ ਦਿੱਲੀ ਪੁਲੀਸ ਨੂੰ ਗਣਤੰਤਰ ਦਿਵਸ ਮੌਕੇ ਅਮਨ ਤੇ ਕਾਨੂੰਨ ਨੂੰ ਲੈ ਕੇ ਕੋਈ ਮੁਸ਼ਕਲ ਹੈ ਤਾਂ ਸੰਯੁਕਤ ਕਿਸਾਨ ਮੋਰਚੇ ਨਾਲ ਬੈਠ ਕੇ ਟਰੈਕਟਰ ਰੈਲੀ ਦੇ ਬਦਲਵੇਂ ਰੂਟਾਂ ਬਾਰੇ ਗੱਲਬਾਤ ਕਰ ਸਕਦੀ ਹੈ।