ਕਰੋਨਾ ਦੀ ਉਤਪਤੀ ਦੀ ਜਾਂਚ ਲਈ ਡਬਲਿਊਐੱਚਓ ਦੇ ਮਾਹਿਰ ਜਾਣਗੇ ਚੀਨ

0
791

ਪੇਈਚਿੰਗ: ਚੀਨ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਦੇ ਮਾਹਿਰਾਂ ਦਾ ਇੱਕ ਸਮੂਹ ਵੀਰਵਾਰ 14 ਜਨਵਰੀ ਨੂੰ ਚੀਨ ਆਵੇਗਾ ਤੇ ਕਰੋਨਾਵਾਇਰਸ ਦੀ ਸ਼ੁਰੂਆਤ ਸਬੰਧੀ ਵਿਸਥਾਰ ਨਾਲ ਜਾਂਚ ਕਰੇਗਾ। ਇਸ ਦੇ ਨਾਲ ਹੀ ਮਾਹਿਰਾਂ ਦੇ ਚੀਨ ਆਉਣ ਸਬੰਧੀ ਬਣਿਆ ਭੰਬਲਭੂਸਾ ਵੀ ਖ਼ਤਮ ਹੋ ਗਿਆ ਹੈ। ਸਰਕਾਰੀ ਖ਼ਬਰ ਚੈਨਲ ਸੀਜੀਟੀਐੱਨ ਨੇ ਚੀਨ ਦੇ ਕੌਮੀ ਸਿਹਤ ਕਮਿਸ਼ਨ ਦੇ ਹਵਾਲੇ ਨਾਲ ਦੱਸਿਆ ਕਿ ਡਬਲਿਊਐੱਚਓ ਦੇ ਮਾਹਿਰ 14 ਜਨਵਰੀ ਨੂੰ ਚੀਨ ਆਉਣਗੇ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਚੀਨ ਕਰੋਨਾਵਾਇਰਸ ਦੀ ਉਤਪਤੀ ਤੇ ਇਸ ਦੇ ਫੈਲਣ ਸਬੰਧੀ ਦੇਸ਼ ਭਰ ਦੇ ਮਾਹਿਰਾਂ ਵੱਲੋਂ ਕੀਤੇ ਜਾ ਰਹੇ ਵਿਸ਼ਵ ਪੱਧਰੀ ਅਧਿਐਨ ਦਾ ਸਮਰਥਨ ਕਰਦਾ ਹੈ। ਉਨ੍ਹਾਂ ਨੇ ਮਾਹਿਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਡਬਲਿਊਐੱਚਓ ਦੀ ਦਸ ਮੈਂਬਰੀ ਟੀਮ ਦੇ ਵੂਹਾਨ ਜਾਣ ਦਾ ਅਨੁਮਾਨ ਹੈ, ਜਿੱਥੇ ਪਿਛਲੇ ਸਾਲ ਕਰੋਨਾਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਟੀਮ ‘ਵੂਹਾਨ ਇੰਸਟੀਚਿਊਟ ਆਫ਼ ਵਾਇਰਲੋਜੀ (ਡਬਲਿਊਆਈਵੀ)’ ਦਾ ਦੌਰਾ ਕਰੇਗੀ ਜਾਂ ਨਹੀਂ ਜਿਸ ਸਬੰਧੀ ਅਮਰੀਕੀ ਸਦਰ ਡੋਨਲਡ ਟਰੰਪ ਨੇ ਦੋਸ਼ ਲਾਇਆ ਸੀ ਕਿ ਇਹ ਵਾਇਰਸ ਇੱਥੇ ਉਤਪੰਨ ਹੋਇਆ ਸੀ। ਉਂਜ ਡਬਲਿਊਆਈਵੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ।