
ਨਵੀਂ ਦਿੱਲੀ: ਕੇਂਦਰ ਸਰਕਾਰ ਤੇ ਸੰਘਰਸ਼ਸ਼ੀਲ ਕਿਸਾਨ ਯੂਨੀਅਨਾਂ ਵਿਚਾਲੇ ਭਲਕੇ ਹੋਣ ਵਾਲੀ 8ਵੇਂ ਗੇੜ ਦੀ ਅਹਿਮ ਗੱਲਬਾਤ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸਾਨਾਂ ਦੀ ਕਿਸੇ ਵੀ ਤਜਵੀਜ਼ ’ਤੇ ਗੌਰ ਕਰਨ ਲਈ ਤਿਆਰ ਹੈ। ਕਿਸਾਨ ਯੂਨੀਅਨਾਂ ਨਾਲ ਹੁਣ ਤਕ ਹੋਈ ਸੱਤ ਗੇੇੜਾਂ ਦੀ ਗੱਲਬਾਤ ਦੌਰਾਨ ਖੁਰਾਕ ਮੰਤਰੀ ਪਿਊਸ਼ ਗੋਇਲ ਤੇ ਵਣਜ ਬਾਰੇ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਮੂਹਰੇ ਹੋ ਕੇ ਸਰਕਾਰੀ ਧਿਰ ਦੀ ਅਗਵਾਈ ਕਰਨ ਵਾਲੇ ਤੋਮਰ ਨੇ ਕਿਹਾ ਕਿ 8 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਦੇ ਸਿੱਟੇ ਬਾਰੇ ਹਾਲ ਦੀ ਘੜੀ ਉਹ ਕੁਝ ਨਹੀਂ ਕਹਿ ਸਕਦੇ। ਸ੍ਰੀ ਤੋਮਰ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਸਰਕਾਰ ਤੇ ਕਿਸਾਨਾਂ ਦਰਮਿਆਨ ਬਣੇ ਜਮੂਦ ਨੂੰ ਤੋੜਨ ਲਈ ਪੰਜਾਬ ਦੇ ਨਾਨਕਸਰ ਗੁਰਦੁਆਰੇ ਦੇ ਮੁਖੀ ਤੇ ਉੱਘੇ ਧਾਰਮਿਕ ਆਗੂ ਬਾਬਾ ਲੱਖਾ ਅੱਗੇ ਕੋਈ ਤਜਵੀਜ਼ ਰੱਖੀ ਹੈ।