ਵਾਸ਼ਿੰਗਟਨ: ਅਮਰੀਕਾ ਦੇ ਦਸ ਸਾਬਕਾ ਰੱਖਿਆ ਮੰਤਰੀਆਂ ਨੇ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੁਚੇਤ ਕੀਤਾ ਕਿ ਉਹ ਚੋਣਾਂ ’ਚ ਕਥਿਤ ‘ਧੋਖਾਧੜੀ’ ਦੇ ਆਪਣਿਆਂ ਦਾਅਵਿਆਂ ਨੂੰ ਸਾਬਤ ਕਰਨ ਲਈ ਫ਼ੌਜ ਨੂੰ ਇਸ ਵਿੱਚ ਨਾ ਘਸੀਟਣ। ਉਨ੍ਹਾਂ ਟਰੰਪ ਨੂੰ ਕਿਹਾ ਕਿ ਅਜਿਹਾ ਕਰਨ ਨਾਲ ਦੇਸ਼ ਵਿੱਚ ‘ਖ਼ਤਰਨਾਕ, ਗ਼ੈਰਕਾਨੂੰਨੀ ਅਤੇ ਅਸੰਵਿਧਾਨਕ ਸਥਿਤੀ’ ਪੈਦਾ ਹੋ ਜਾਵੇਗੀ। ਇਹ ਸਾਰੇ 10 ਸਾਬਕਾ ਰੱਖਿਆ ਮੰਤਰੀ ਡੈਮੋਕਰੈਟਿਕ ਅਤੇ ਰਿਪਬਲਿਕ ਪਾਰਟੀਆਂ ਨਾਲ ਸਬੰਧਤ ਹਨ। ਸਾਬਕਾ ਰੱਖਿਆ ਮੰਤਰੀਆਂ ਨੇ ‘ਵਾਸ਼ਿੰਗਟਨ ਪੋਸਟ’ ਵਿੱਚ ਐਤਵਾਰ ਨੂੰ ਛਪੇ ਲੇਖ ’ਚ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਹਨ ਅਤੇ ਰਾਸ਼ਟਰਪਤੀ ਦਾ ਅਹੁਦਾ ਛੱਡਣ ਨੂੰ ਲੈ ਕੇ ਟਰੰਪ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ, ‘ਅਮਰੀਕੀ ਫ਼ੌਜ ਨੂੰ ਚੋਣਾਂ ਸਬੰਧੀ ਵਿਵਾਦ ’ਚ ਘਸੀਟਣ ਦੇ ਯਤਨ ਦੇਸ਼ ਨੂੰ ਖ਼ਤਰਨਾਕ, ਗ਼ੈਰਕਾਨੂੰਨੀ ਅਤੇ ਅਸੰਵਿਧਾਨਕ ਸਥਿਤੀ ਵਿੱਚ ਲੈ ਜਾਣਗੇ।’ ਉਨ੍ਹਾਂ ਨੇ ਟਰੰਪ ਨੂੰ ਆਪਣੇ ਚੋਣ ਦਾਅਵਿਆਂ ਲਈ ਫ਼ੌਜ ਦੀ ਗਲਤ ਵਰਤੋਂ ਕਰਨ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਜੁਆਇੰਟ ਚੀਫ਼ ਆਫ ਸਟਾਫ ਜਨਰਲ ਮਾਰਕ ਮਿਲੀ ਸਣੇ ਕਈ ਸੀਨੀਅਰ ਫ਼ੌਜੀ ਅਧਿਕਾਰੀਆਂ ਨੇ ਜਨਤਕ ਰੂਪ ’ਚ ਕਿਹਾ ਹੈ ਕਿ ਅਮਰੀਕੀ ਚੋਣਾਂ ਦੇ ਨਤੀਜਿਆਂ ’ਚ ਫ਼ੌਜ ਦੀ ਕੋਈ ਭੂਮਿਕਾ ਨਹੀਂ ਹੈ।