ਰਸਮੀ ਤੌਰ ’ਤੇ ਬਾਇਡਨ ਨੂੰ ਰਾਸ਼ਟਰਪਤੀ ਚੁਣੇਗਾ ਇਲੈਕਟੋਰਲ ਕਾਲਜ

0
966

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਦਾ ਚੋਣ ਮੰਡਲ (ਇਲੈਕਟੋਰਲ ਕਾਲਜ) ਦੇਸ਼ ਦੇ ਅਗਲੇ ਰਾਸ਼ਟਰਪਤੀ ਦੇ ਰੂਪ ’ਚ ਜੋਅ ਬਾਇਡਨ ਦੀ ਰਸਮੀ ਚੋਣ ਲਈ ਭਲਕੇ ਮੀਟਿੰਗ ਕਰੇਗਾ। ਇਸ ਦੌਰਾਨ ਸਾਰੇ 50 ਸੂਬਿਆਂ ਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਚੋਣਕਾਰ ਆਪਣੀ ਵੋਟ ਪਾਉਣ ਲਈ ਮੀਟਿੰਗ ਕਰਦੇ ਹਨ। ਵੋਟਿੰਗ ਦਾ ਨਤੀਜਾ ਵਾਸ਼ਿੰਗਟਨ ਭੇਜਿਆ ਜਾਵੇਗਾ ਤੇ ਸੰਸਦ ਦੇ ਛੇ ਜਨਵਰੀ ਨੂੰ ਹੋਣ ਵਾਲੇ ਸਾਂਝੇ ਇਜਲਾਸ ’ਚ ਇਸ ਦੀ ਗਿਣਤੀ ਕੀਤੀ ਜਾਵੇਗੀ ਕਿਉਂਕਿ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਹ ਲਗਾਤਾਰ ਚੋਣਾਂ ’ਚ ਧੋਖਾਧੜੀ ਦੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਚੋਣ ਮੰਡਲ ਵੱਲੋਂ ਵੋਟਿੰਗ ਕੀਤੇ ਜਾਣ ਤੋਂ ਬਾਅਦ ਬਾਇਡਨ ਦੇਸ਼ ਨੂੰ ਸੰਬੋਧਨ ਕਰਨਗੇ ਪਰ ਟਰੰਪ ਨੇ ਬਾਇਡਨ ਦੀ ਜਿੱਤ ਸਵੀਕਾਰ ਨਹੀਂ ਕੀਤੀ ਹੈ। ਟਰੰਪ ਨੇ ਲੰਘੇ ਸ਼ਨਿੱਚਰਵਾਰ ਨੂੰ ਦਿੱਤੀ ਇੰਟਰਵਿਊ ’ਚ ਕਿਹਾ, ‘ਨਹੀਂ, ਮੈਂ ਦੇਸ਼ ’ਚ ਇੱਕ ਗ਼ੈਰ-ਕਾਨੂੰਨੀ ਰਾਸ਼ਟਰਪਤੀ ਹੋਣ ਨੂੰ ਲੈ ਕੇ ਫਿਕਰਮੰਦ ਹਾਂ। ਅਜਿਹਾ ਰਾਸ਼ਟਰਪਤੀ ਜੋ ਬੁਰੀ ਤਰ੍ਹਾ ਹਾਰਿਆ ਹੈ।’
ਜ਼ਿਕਰਯੋਗ ਹੈ ਕਿ ਬਾਇਡਨ ਨੇ 306 ਅਤੇ ਟਰੰਪ ਨੇ 232 ਇਲੈਕਟੋਰਲ ਵੋਟਾਂ (ਚੋਣਕਾਰਾਂ ਦੀਆਂ ਵੋਟਾਂ) ਜਿੱਤੀਆਂ ਹਨ। ਬਹੁਮੱਤ ਲਈ 270 ਵੋਟਾਂ ਦੀ ਲੋੜ ਹੁੰਦੀ ਹੈ। ਚੋਣਕਾਰ ਆਮ ਤੌਰ ’ਤੇ ਆਪਣੇ ਸੂਬੇ ’ਚ ਜੇਤੂ ਰਹੇ ਉਮੀਦਵਾਰ ਲਈ ਹੀ ਵੋਟ ਕਰਦੇ ਹਨ ਕਿਉਂਕਿ ਉਹ ਆਪਣੀ ਹੀ ਪਾਰਟੀ ਨੂੰ ਸਮਰਪਿਤ ਹੁੰਦੇ ਹਨ।
ਇਸੇ ਦੌਰਾਨ ਜੋਅ ਬਾਇਡਨ ਦੇ ਸਾਥੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਸ ਦੇ ਹਮਾਇਤੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਉਨ੍ਹਾਂ ਆਸ ਹੈ ਕਿ ਇਲੈਕਟੋਰਲ ਕਾਲਜ ਦੀਆਂ ਵੋਟਾਂ ਮਗਰੋਂ ਸਥਿਤੀ ਬਿਲਕੁਲ ਅਲੱਗ ਹੋਵੇਗੀ ਤੇ ਟਰੰਪ ਆਪਣੀ ਹਾਰ ਸਵੀਕਾਰ ਕਰ ਲੈਣਗੇ।