ਸੀਏਏ: ਸੱਜਰੀਆਂ ਝੜਪਾਂ ’ਚ ਹੈੱਡ ਕਾਂਸਟੇਬਲ ਸਮੇਤ ਚਾਰ ਹਲਾਕ

0
1405

ਦਿੱਲੀ: ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਚਾਂਦਬਾਗ਼, ਖ਼ੁਰੇਜੀ ਖਾਸ ਤੇ ਭਜਨਪੁਰਾ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਇਸ ਦੇ ਹੱਕ ਤੇ ਵਿਰੋਧ ਵਿੱਚ ਖੜ੍ਹਨ ਵਾਲੀਆਂ ਦੋ ਧਿਰਾਂ ਵਿਚਾਲੇ ਅੱਜ ਹੋਈਆਂ ਸੱਜਰੀਆਂ ਝੜਪਾਂ ਵਿੱਚ ਦਿੱਲੀ ਪੁਲੀਸ ਦਾ ਇਕ ਹੈੱਡ ਕਾਂਸਟੇਬਲ ਤੇ ਤਿੰਨ ਆਮ ਨਾਗਰਿਕਾਂ ਦੀ ਜਾਨ ਜਾਂਦੀ ਰਹੀ। ਝੜਪਾਂ ਦੌਰਾਨ ਨੀਮ ਫੌਜੀ ਬਲ ਤੇ ਦਿੱਲੀ ਪੁਲੀਸ ਦੇ ਅਮਲੇ ਸਮੇਤ ਘੱਟੋ-ਘੱਟ 50 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਪੁਲੀਸ ਦਾ ਇਕ ਡੀਸੀਪੀ ਵੀ ਸ਼ਾਮਲ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਘਰਾਂ, ਦੁਕਾਨਾਂ ਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਤੇ ਇਕ ਦੂਜੇ ’ਤੇ ਜੰਮ ਕੇ ਪੱਥਰਬਾਜ਼ੀ ਕੀਤੀ। ਪੁਲੀਸ ਨੂੰ ਹਿੰਸਕ ਹੋਏ ਹਜੂਮ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ ਤੇ ਲਾਠੀਚਾਰਜ ਵੀ ਕੀਤਾ। ਪੁਲੀਸ ਨੇ ਹਿੰਸਾ ਦੀ ਮਾਰ ਹੇਠ ਆਏ ਖੇਤਰਾਂ ਵਿੱਚ ਇਹਤਿਆਤ ਵਜੋਂ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੰਗਾਮੀ ਮੀਟਿੰਗ ਸੱਦ ਕੇ ਹਾਲਾਤ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਉਪ ਰਾਜਪਾਲ ਅਨਿਲ ਬੈਜਲ, ਗ੍ਰਹਿ ਸਕੱਤਰ ਅਜੈ ਭੱਲਾ ਤੇ ਦਿੱਲੀ ਪੁਲੀਸ ਦੇ ਕਮਿਸ਼ਨਰ ਅਮੁਲਿਆ ਪਟਨਾਇਕ ਮੌਜੂਦ ਸਨ। ਮੀਟਿੰਗ ਤੋਂ ਫੌਰੀ ਮਗਰੋਂ ਦਿੱਲੀ ਪੁਲੀਸ ਨੇ ਉੱਤਰ-ਪੂਰਬੀ ਦਿੱਲੀ ’ਚ ਦਸ ਥਾਵਾਂ ਅਤੇ ਕੇਂਦਰੀ ਦਿੱਲੀ ਵਿੱਚ ਦਿੱਲੀ ਪੁਲੀਸ ਹੈੱਡਕੁਆਰਟਰ ਨੇੜੇ ਪਾਬੰਦੀਆਂ ਆਇਦ ਕਰ ਦਿੱਤੀਆਂ ਹਨ। ਪੁਲੀਸ ਤੋਂ ਇਲਾਵਾ ਅੱਠ ਸੀਆਰਪੀਐੱਫ ਕੰਪਨੀਆਂ ਜਿਨ੍ਹਾਂ ਵਿੱਚ ਦੋ ਰੈਪਿਡ ਐਕਸ਼ਨ ਫੋਰਸ ਤੇ ਇਕ ਕੰਪਨੀ ਮਹਿਲਾ ਸੁਰੱਖਿਆ ਅਮਲ ਦੀ ਹੈ, ਤਾਇਨਾਤ ਕੀਤੀਆਂ ਗਈਆਂ ਹਨ। ਉਧਰ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਿੰਸਾਗ੍ਰਸਤ ਉੱਤਰ-ਪੂਰਬੀ ਇਲਾਕਿਆਂ ਵਿੱਚ ਸਰਕਾਰੀ ਤੇ ਨਿੱਜੀ ਸਕੂਲ ਮੰਗਲਵਾਰ ਨੂੰ ਬੰਦ ਰਹਿਣਗੇ। ਉਨ੍ਹਾਂ ਐੱਚਆਰਡੀ ਮੰਤਰਾਲੇ ਨੂੰ ਮੰਗਲਵਾਰ ਨੂੰ ਹੋਣ ਵਾਲੀ ਬੋਰਡ ਪ੍ਰੀਖਿਆ ਅੱਗੇ ਪਾਉਣ ਦੀ ਅਪੀਲ ਵੀ ਕੀਤੀ ਹੈ।
ਮਾਰੇ ਗਏ ਹੈੱਡ ਕਾਂਸਟੇਬਲ ਦੀ ਪਛਾਣ ਰਤਨ ਲਾਲ ਵਜੋਂ ਦੱਸੀ ਗਈ ਹੈ ਤੇ ਉਹ ਏਸੀਪੀ ਦਫ਼ਤਰ ਗੋਕੁਲਪੁਰੀ ਵਿੱਚ ਤਾਇਨਾਤ ਸੀ ਤੇ ਪੱਥਰਬਾਜ਼ੀ ਦੌਰਾਨ ਜ਼ਖ਼ਮੀ ਹੋ ਗਿਆ ਸੀ। ਉਧਰ ਝੜਪਾਂ ਦੌਰਾਨ ਜ਼ਖ਼ਮੀ ਹੋਏ ਤਿੰਨ ਹੋਰ ਸਿਵਲੀਅਨਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਜ਼ਖ਼ਮੀਆਂ ਵਿੱਚ ਸੀਆਰਪੀਐੱਫ ਦੇ ਦੋ ਜਵਾਨਾਂ ਤੇ ਡੀਸੀਪੀ ਸ਼ਾਹਦਰਾ ਅਮਿਤ ਸ਼ਰਮਾ ਸਮੇਤ ਪੁਲੀਸ ਅਮਲੇ ਦੇ ਕੁਲ 11 ਮੈਂਬਰ ਸ਼ਾਮਲ ਹਨ। ਮੌਜਪੁਰ ਵਿੱਚ ਸੀਏਏ ਵਿਰੋਧੀਆਂ ਤੇ ਹਮਾਇਤੀਆਂ ਨੇ ਇਕ ਦੂਜੇ ’ਤੇ ਪੱਥਰਬਾਜ਼ੀ ਕੀਤੀ। ਜਾਫ਼ਰਾਬਾਦ ਵਿਚ ਪੁਲੀਸ ਨੂੰ ਹਿੰਸਕ ਹਜੂਮ ਨੂੰ ਖਿੰਡਾਉਣ ਲਈ ਲਾਠੀਚਾਰਜ ਕਰਨਾ ਪਿਆ। ਮੌਜਪੁਰ ਤੇ ਭਜਨਪੁਰਾ ਖੇਤਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਈ ਦੁਕਾਨਾਂ ਤੇ ਘਰਾਂ ਦੀ ਭੰਨਤੋੜ ਕੀਤੀ ਤੇ ਮਗਰੋਂ ਇਨ੍ਹਾਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਇਕ ਪ੍ਰਦਰਸ਼ਨਕਾਰੀ ਹੱਥ ਵਿੱਚ ਬੰਦੂਕ ਲੈ ਕੇ ਦਿੱਲੀ ਪੁਲੀਸ ਦੇ ਮੁਲਾਜ਼ਮ ਵੱਲ ਵਧਦਾ ਨਜ਼ਰ ਆਇਆ। ਇਸ ਪ੍ਰਦਰਸ਼ਨਕਾਰੀ ਨੇ ਮਗਰੋਂ ਹਵਾ ਵਿੱਚ ਕੁਝ ਗੋਲੀਆਂ ਵੀ ਚਲਾਈਆਂ। ਅਧਿਕਾਰੀਆਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਭਜਨਪੁਰਾ ਚੌਕ ਵਿੱਚ ਇਕ ਅੱਗ ਬੁਝਾਊ ਗੱਡੀ ਦੀ ਵੀ ਭੰਨਤੋੜ ਕੀਤੀ। ਇਸ ਫਾਇਰ ਟੈਂਡਰ ਨੂੰ ਖੇਤਰ ਵਿੱਚ ਅੱਗ ਬੁਝਾਉਣ ਲਈ ਸੱਦਿਆ ਗਿਆ ਸੀ।
ਉਧਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਕੌਮੀ ਰਾਜਧਾਨੀ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਹਾਲ ਕੀਤੇ ਜਾਣ ਦੀ ਅਪੀਲ ਕੀਤੀ। ਉਪ ਰਾਜਪਾਲ ਅਨਿਲ ਬੈਜਲ ਨੇ ਦਿੱਲੀ ਪੁਲੀਸ ਦੇ ਕਮਿਸ਼ਨਰ ਅਮੁਲਿਆ ਪਟਨਾਇਕ ਨੂੰ ਸਥਿਤੀ ਕਾਬੂ ਹੇਠ ਲਿਆਉਣ ਦੀ ਹਦਾਇਤ ਕੀਤੀ ਹੈ। ਸ੍ਰੀ ਕੇਜਰੀਵਾਲ ਨੇ ਇਕ ਟਵੀਟ ’ਚ ਕਿਹਾ, ‘ਦਿੱਲੀ ਦੇ ਕੁਝ ਹਿੱਸਿਆਂ ਤੋਂ ਅਮਨ ਤੇ ਕਾਨੂੰਨ ਦੀ ਸਥਿਤੀ ਵਿੱਚ ਵਿਗਾੜ ਦੀਆਂ ਖ਼ਬਰਾਂ ਪ੍ਰੇਸ਼ਾਨ ਕਰਨ ਵਾਲੀਆਂ ਹਨ। ਮੈਂ ਉਪ ਰਾਜਪਾਲ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਅਮਨ ਤੇ ਕਾਨੂੰਨ ਦੀ ਬਹਾਲੀ ਨੂੰ ਯਕੀਨੀ ਬਣਾਉਣ।’ ਦਿੱਲੀ ਸਰਕਾਰ ’ਚ ਮੰਤਰੀ ਤੇ ਬਾਬਰਪੁਰ ਹਲਕੇ ਤੋਂ ਵਿਧਾਇਕ ਗੋਪਾਲ ਰਾਏ ਨੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦਿੱਲੀ ਦੇ ਲੋਕਾਂ ਨੂੰ ਅਮਨ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਰਾਏ ਨੇ ਕਿਹਾ ਕਿ ਕੁਝ ਲੋਕ ਸੋਚੀ ਸਮਝੀ ਸਾਜ਼ਿਸ਼ ਤਹਿਤ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।