ਆਸਟਰੇਲੀਆ ਵਿੱਚ ਕਿਸਾਨ ਅੰਦੋਲਨ ਦੇ ਹੱਕ ’ਚ ਰੈਲੀਆਂ

0
1019
Source: Punjabi Tribune
Indianapolis: People stage a protest in solidarity with farmers against the Centre' new farm laws, in Indianapolis, Saturday, Dec. 5, 2020. (PTI Photo)(PTI06-12-2020_000031A)

ਮੈਲਬਰਨ: ਅੱਜ ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿਚ ਰੈਲੀਆਂ ਹੋਈਆ। ਸਿਡਨੀ, ਮੈਲਬਰਨ, ਗ੍ਰਿਫਥ ’ਚ ਵੱਡੇ ਇਕੱਠ ਹੋਏ। ਸਿਡਨੀ ਦੇ ਪੱਛਮੀ ਖੇਤਰ ’ਚ ਭਾਰਤੀਆਂ ਦੇ ਗੜ੍ਹ ਵਾਲੇ ਇਲਾਕੇ ਕੁਏਕਰਜ਼ ਹਿੱਲ ਪਾਰਕ ’ਚ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਰੈਲੀ ਕੀਤੀ। ਰੈਲੀ ਵਿੱਚ ਪੰਜਾਬੀਆਂ ਤੋਂ ਇਲਾਵਾ ਹਰਿਆਣਾ ਤੇ ਭਾਰਤ ਦੇ ਹੋਰਨਾਂ ਰਾਜਾਂ ਦੇ ਲੋਕ ਵੀ ਸ਼ਾਮਲ ਹੋਏ। ਇਸੇ ਦੌਰਾਨ ਮੁਜ਼ਾਹਰਾਕਾਰੀਆਂ ਨਾਲ ਮੋਦੀ ਸਮਰਥਕਾਂ ਨੇ ਧੱਕਾ ਮੁੱਕੀ ਵੀ ਕੀਤੀ। ਸਿਡਨੀ ਕ੍ਰਿਕਟ ਗਰਾਊਂਡ ’ਚ ਭਾਰਤ-ਆਸਟਰੇਲੀਆ ਦੇ ਕ੍ਰਿਕਟ ਮੈਚ ’ਚ ਕਿਸਾਨ ਪੱਖੀ ਭਾਰਤੀਆਂ ਨੇ ਤਖਤੀਆਂ-ਬੈਨਰ ਫੜ ਕੇ ਕਿਸਾਨ ਅੰਦੋਲਨ ਬਾਰੇ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਫ਼ੈਸਲਾ ਕੀਤਾ ਕਿ ਭਲਕੇ 7 ਦਸੰਬਰ ਨੂੰ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਸਥਿਤ ਭਾਰਤੀ ਦੂਤਾਵਾਸ ਦੇ ਦਫਤਰ ਅੱਗੇ ਰੈਲੀ ਕਰਕੇ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਵੱਖ ਵੱਖ ਗੁਰਦੁਆਰਿਆਂ ਤੋਂ ਕੈਨਬਰਾ ਪਹੁੰਚਣ ਦਾ ਐਲਾਨ ਕੀਤਾ ਗਿਆ ਹੈ। ਬੁਲਾਰਿਆਂ ਨੇ ਆਸਟਰੇਲੀਆ ਦੀ ਲਿਬਰਲ-ਨੈਸ਼ਨਲ ਸਰਕਾਰ ਤੇ ਮੁੱਖ ਵਿਰੋਧੀ ਪਾਰਟੀ ਲੇਬਰ ਪਾਸੋਂ ਸਹਿਯੋਗ ਮੰਗਿਆ ਹੈ। ਰੈਲੀ ਮੌਕੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਦੇ ਵਿਰੋਧ ’ਚ ਨੇੜੇ ਹੀ ਕਰੀਬ ਦਰਜਨ ਭਰ ਨੌਜਵਾਨਾਂ ਨੇ ਮੋਦੀ ਦੇ ਹੱਕ ਵਿੱਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਨੇ ਹੱਥਾਂ ’ਚ ਮੋਦੀ ਦੇ ਹੱਕ ’ਚ ਲਿਖੀਆਂ ਤਖ਼ਤੀਆਂ ਤੇ ਕੌਮੀ ਝੰਡਾ ਫੜਿਆ ਹੋਇਆ ਸੀ। ਇਸ ਮਗਰੋਂ ਦੋਹਾਂ ਗਰੁੱਪਾਂ ਵਿੱਚ ਤਕਰਾਰ ਸ਼ੁਰੂ ਹੋਇਆ। ਕਿਸਾਨ ਸਮਰਥਕਾਂ ਨੇ ਸਟੇਜ ਤੋਂ ਤਿਰੰਗਾ ਲਹਿਰਾ ਕੇ ਮੋਦੀ ਮੁਰਦਾਬਾਦ, ਜੈ ਕਿਸਾਨ- ਜੈ ਜਵਾਨ, ਭਾਰਤ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਪਰਵਾਸੀ ਭਾਰਤੀ ਭਾਈਚਾਰਕ ਏਕਤਾ ਦਾ ਸਬੂਤ ਦਿੱਤਾ ਜਿਸ ਮਗਰੋਂ ਮੋਦੀ ਸਮਰਥਕ ਮੌਕੇ ਤੋਂ ਚਲੇ ਗਏ। ਇਸੇ ਤਰ੍ਹਾਂ ਮੈਲਬਰਨ ਦੇ ਮੁੱਖ ਚੌਕ ’ਚ ਅੱਜ ਪੰਜਾਬੀ ਭਾਈਚਾਰੇ ਨੇ ਵੱਡੀ ਗਿਣਤੀ ’ਚ ਕਿਸਾਨ ਸੰਘਰਸ਼ ਦੀ ਹਮਾਇਤ ’ਚ ਮੁਜ਼ਾਹਰਾ ਕੀਤਾ। ਇਸ ਮਗਰੋਂ ਸ਼ਹਿਰ ਦੇ ਮੁੱਖ ਮਾਰਗਾਂ ’ਤੇ ਕਾਰ ਰੈਲੀ ਕੱਢੀ ਗਈ ਜਿਸ ਵਿੱਚ ਸੈਂਕੜੇ ਕਾਰਾਂ ਸ਼ਾਮਲ ਸਨ। ਇਹ ਕਾਫ਼ਲਾ ਸ਼ਹਿਰ ਦੇ ਫੈਡਰੇਸ਼ਨ ਸਕੁਏਅਰ ਤੋਂ ਉੱਤਰ ’ਚ ਸਥਿਤ ਗੁਰੂਘਰ ਕਰੇਗੀਬਰਨ ਪਹੁੰਚਿਆ ਜਿੱਥੋਂ ਅੱਗੇ ਵੱਡੀ ਗਿਣਤੀ ’ਚ ਲੋਕ ਰੈਲੀ ਦੇ ਰੂਪ ’ਚ ਪੱਛਮੀ ਖੇਤਰ ਸਥਿਤ ਖਾਲਸਾ ਛਾਉਣੀ ਪਲੰਪਟਨ ਪਹੁੰਚੇ। ਇਸੇ ਤਰ੍ਹਾਂ ਕਸਬਾ ਸ਼ੈਪਰਟਨ ਸਥਿਤ ਗੁਰੂਘਰ ’ਚ ਵੀ ਕਿਸਾਨ ਸੰਘਰਸ਼ ਦੇ ਹੱਕ ’ਚ ਇਕੱਠ ਕੀਤਾ ਗਿਆ।