ਪੰਜਾਬ ਦੇ ਕਿਸਾਨਾਂ ਨੇ ਅਖੀਰ ਦਿੱਲੀ ਫਤਹਿ ਕੀਤੀ

0
1051

ਦਿੱਲੀ: ਪੰਜਾਬ ਦੇ ਕਿਸਾਨਾਂ ਨੇ ੨੬ ਅਤੇ ੨੭ ਨਵੰਬਰ ਦੇ ਦਿੱਲੀ ਕੂਚ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹਰਿਆਣਾ ਪੁਲੀਸ ਵੱਲੋਂ ਦੋਹਾਂ ਰਾਜਾਂ ਦੀ ਸਰਹੱਦ ‘ਤੇ ਪੈਂਦੇ ਕੌਮੀ ਅਤੇ ਰਾਜਮਾਰਗਾਂ ‘ਤੇ ਖੜ੍ਹੀਆਂ ਕੀਤੀਆਂ ਰੋਕਾਂ ਨੂੰ ਢਹਿ-ਢੇਰੀ ਕਰ ਦਿੱਤਾ। ਪੰਜਾਬ ਅਤੇ ਹਰਿਆਣਾ ਦੀ ਹੱਦ ‘ਤੇ ਪੈਂਦੇ ਲਾਂਘਿਆਂ ਉਤੇ ਤਣਾਅ ਦਾ ਮਾਹੌਲ ਬਣਿਆ ਰਿਹਾ ਪਰ ਪੁਲੀਸ ਅਤੇ ਕਿਸਾਨਾਂ ਵੱਲੋਂ ਸੰਜਮ ਵਰਤਣ ਕਾਰਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪੰਜਾਬ ਤੋਂ ਦਿੱਲੀ ਲਈ ਚੱਲੇ ਕਿਸਾਨਾਂ ਨੂੰ ਲੰਮੇ ਸਫਰ ਦੌਰਾਨ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਪਰ ਅਖੀਰ ਕਿਸਾਨਾਂ ਨੇ ਦਿੱਲੀ ਜਿੱਤ ਹੀ ਲਈ। ਦਿੱਲੀ ਬਾਰਡਰ ‘ਤੇ ਸਵੇਰ ਤੋਂ ਹੀ ਕਿਸਾਨਾਂ ਤੇ ਦਿੱਲੀ ਪੁਲੀਸ ਵਿਚਕਾਰ ਝੜੱਪਾਂ ਚਲਦੀਆਂ ਰਹੀਆਂ। ਪੁਲੀਸ ਨੇ ਕਿਸਾਨਾਂ ਉਪਰ ਅਥਰੂ ਗੈਸ ਦੇ ਗੋਲੇ ਸੁੱਟੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਜਦੋਂ ਕਿਸਾਨਾਂ ਨੇ ਕਿਹਾ ਦਿੱਲੀ ਦਾਖਲ ਹੋਏ ਬਿਨਾਂ ਕਿਸਾਨਾਂ ਦੀਆਂ ਲਾਸ਼ਾਂ ਹੀ ਵਾਪਸ ਜਾਣਗੀਆਂ ਤਾਂ ਮੋਦੀ ਸਰਕਾਰ ਨੂੰ ਝੁਕਣਾ ਪਿਆ। ਮੋਦੀ ਸਰਕਾਰ ਨੂੰ ਅਖੀਰ ਕਿਸਾਨਾਂ ਦੇ ਦ੍ਰਿੜ ਨਿਸ਼ਚੈ ਅੱਗੇ ਗੋਡੇ ਟੇਕਣੇ ਪਏ। ਭਾਰਤ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਪ੍ਰਵੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਬੁਰਾੜੀ ਮੈਦਾਨ ਵਿਚ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕਿਸਾਨਾਂ ਨੇ ਦਿੱਲੀ ਨੂੰ ਚੁਫੇਰਿਓਂ ਘੇਰਨ ਦਾ ਫੈਸਲਾ ਕੀਤਾ ਹੈ।
ਸੂਬੇ ਦੀਆਂ ੩੦ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਪੁਲੀਸ ਅਤੇ ਕਿਸਾਨਾਂ ਦਰਮਿਆਨ ਸਭ ਤੋਂ ਜ਼ਿਆਦਾ ਟਕਰਾਅ ਸ਼ੰਭੂ ਸਰਹੱਦ ਅਤੇ ਕਰਨਾਲ ਵਿਖੇ ਹੋਇਆ। ਸ਼ੰਭੂ ਤੋਂ ਬਾਅਦ ਕਿਸਾਨਾਂ ਨੇ ਜੱਦੋਜ਼ਹਿਦ ਮਗਰੋਂ ਕਰਨਾਲ ਮੋਰਚਾ ਵੀ ਫਤਹਿ ਕਰ ਲਿਆ। ਸ਼ੰਭੂ ਸਰਹੱਦ ‘ਤੇ ਕਿਸਾਨਾਂ ਦੇ ਕਾਫਲੇ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ ਨੇ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਖਨੌਰੀ ਅਤੇ ਡੱਬਵਾਲੀ ਸਰਹੱਦ ਤੋਂ ਅੱਗੇ ਵਧੇ।