ਟਰੰਪ ਨੇ 2 ਭਾਰਤੀ ਕ੍ਰਿਕਟਰਾਂ ਨੂੰ ਦੱਸਿਆ ਮਹਾਨ, ਗੁੰਜਣ ਲੱਗਾ ਇਸ ਖਿਡਾਰੀ ਦਾ ਨਾਮ

0
1201

ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਦੋ ਦਿਨਾਂ ਦੌਰੇ ‘ਤੇ ਭਾਰਤ ਆਏ ਹਨ। ਭਾਰਤ ਦੌਰੇ ‘ਤੇ ਮੋਟੇਰਾ ਸਟੇਡੀਅਮ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕ੍ਰਿਕਟ ਦੇ ਵੱਡੇ ਪ੍ਰਸ਼ੰਸਕ ਹਨ। ਇਸਦਾ ਅੰਦਾਜਾ ਮੋਟੇਰਾ ਸਟੇਡੀਅਮ ਵਿੱਚ ਟਰੰਪ ਦੇ ਦਿੱਤੇ ਗਏ ਭਾਸ਼ਣ ਤੋਂ ਲਗਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਵੀ ਜਿਕਰ ਕੀਤਾ ਹੈ। ਡੋਨਾਲਡ ਟਰੰਪ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਭਾਰਤ ਦਾ ਮਾਣ ਦੱਸਿਆ। ਟਰੰਪ ਦਾ ਮੰਨਣਾ ਹੈ ਕਿ ਭਾਰਤ ਖ਼ੁਸ਼ਕਿਸਮਤ ਹੈ ਕਿ ਉਨ੍ਹਾਂ ਦੇ ਦੇਸ਼ ‘ਚ ਸਚਿਨ ਅਤੇ ਵਿਰਾਟ ਕੋਹਲੀ ਵਰਗੇ ਕ੍ਰਿਕਟਰ ਪੈਦਾ ਹੋਏ ਹਨ।
ਡੋਨਲਡ ਟਰੰਪ ਨੇ ਗੁਜਰਾਤ ਦੇ ਅਹਿਮਦਾਬਾਦ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕੇਟ ਸਟੇਡੀਅਮ ਵਿੱਚ ਸੰਬੋਧਨ ਕਰਦੇ ਹੋਏ ਕਿਹਾ, ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਹਾਡੇ ਇੱਥੇ ਮਹਾਨ ਕਰਿਕਟਰ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਹਨ। ਟਰੰਪ ਨੇ ਜਿਵੇਂ ਹੀ ਵਿਰਾਟ ਕੋਹਲੀ ਅਤੇ ਸਚਿਨ ਦਾ ਨਾਮ ਲਿਆ ਲੱਖਾਂ ਲੋਕ ਖੁਸ਼ੀ ਦੇ ਮਾਰੇ ਝੂਮ ਉੱਠੇ ਅਤੇ ਸਚਿਨ-ਸਚਿਨ ਦੇ ਨਾਹਰੇ ਲਾਉਣ ਲੱਗੇ।
ਡੋਨਾਲਡ ਟਰੰਪ ਜਦੋਂ ਸਚਿਨ ਅਤੇ ਵਿਰਾਟ ਦੀ ਤਾਰੀਫ ਕਰ ਰਹੇ ਸਨ ਤਾਂ ਸਟੇਡੀਅਮ ਵਿੱਚ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਵੀ ਬੈਠੇ ਹੋਏ ਸਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਦੌਰਾਨ ਗੁਜਰਾਤ ਕ੍ਰਿਕੇਟ ਐਸੋਸੀਏਸ਼ਨ ਦਾ ਵੀ ਜ਼ਿਕਰ ਕੀਤਾ। ਟਰੰਪ ਨੇ ਕਿਹਾ ਕਿ ਉਹ ਗੁਜਰਾਤ ਕ੍ਰਿਕੇਟ ਐਸੋਸੀਏਸ਼ਨ ਦੇ ਅਹਿਸਾਨਮੰਦ ਹਨ ਕਿ ਇਨ੍ਹੇ ਘੱਟ ਸਮੇਂ ਵਿੱਚ ਉਨ੍ਹਾਂ ਨੇ ਸਰਦਾਰ ਪਟੇਲ ਸਟੇਡੀਅਮ ਵਿੱਚ ਇਸ ਪ੍ਰੋਗਰਾਮ ਦਾ ਇੰਤਜਾਮ ਕੀਤਾ।
ਦਰਅਸਲ ਸਰਦਾਰ ਪਟੇਲ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ। ਮੋਟੇਰਾ ਵਿੱਚ ਇਸਨੂੰ 700 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਸਟੇਡੀਅਮ ਵਿੱਚ ਇਕੱਠੇ 1 ਲੱਖ 10 ਹਜਾਰ ਲੋਕ ਮੈਚ ਵੇਖ ਸਕਦੇ ਹਨ। ਇਹ ਆਸਟ੍ਰੇਲੀਆ ਦੇ ਮੇਲਬਰਨ ਕ੍ਰਿਕੇਟ ਸਟੇਡੀਅਮ ਤੋਂ ਵੀ ਵੱਡਾ ਹੈ ਜਿੱਥੇ 90 ਹਜਾਰ ਦਰਸ਼ਕ ਬੈਠ ਸਕਦੇ ਹਨ। ਮੋਟੇਰਾ ਸਟੇਡੀਅਮ ਸੀਟਾਂ ਨੂੰ ਇਸ ਹਿਸਾਬ ਨਾਲ ਬਣਾਇਆ ਗਿਆ ਹੈ ਕਿ ਹਰ ਐਂਗਲ ਨਾਲ ਮੈਦਾਨ ‘ਤੇ ਮੈਚ ਦਾ ਪੂਰਾ ਆਨੰਦ ਲਿਆ ਜਾ ਸਕੇ।
ਮੰਨਿਆ ਜਾ ਰਿਹਾ ਹੈ ਕਿ ਸਾਲ 2021 ਵਿੱਚ ਟੀਮ ਇੰਡੀਆ ਇਸ ਸਟੇਡੀਅਮ ਵਿੱਚ ਪਹਿਲਾ ਮੈਚ ਖੇਡ ਸਕਦੀ ਹੈ। ਸੂਤਰਾਂ ਦੇ ਮੁਤਾਬਕ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੀ ਪ੍ਰਧਾਨਤਾ ਵਿੱਚ ਹੋਈ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ 2021 ਵਿੱਚ ਇੰਗਲੈਡ ਦੇ ਖਿਲਾਫ ਟੈਸਟ ਸੀਰੀਜ ਵਿੱਚ ਭਾਰਤੀ ਟੀਮ ਸਰਦਾਰ ਪਟੇਲ ਸਟੇਡੀਅਮ ਵਿੱਚ ਡੇ – ਨਾਇਟ ਟੈਸਟ ਖੇਡੇਗੀ।