ਭਾਜਪਾ ਰਾਜ ਦੀਆਂ 117 ਸੀਟਾਂ ’ਤੇ ਚੋਣ ਲੜ ਕੇ ਚਾਅ ਪੂਰਾ ਕਰ ਲਏ: ਸੁਖਬੀਰ

0
942

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਦੀ ਭਾਜਪਾ ਇਕਾਈ ਕੇਂਦਰੀ ਖੇਤੀ ਕਾਨੂੰਨਾਂ ਦੇ ਗੁਣ-ਗਾਉਣ ਦੀ ਥਾਂ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣੇ ਅਤੇ ਉਨ੍ਹਾਂ ਦਾ ਪੱਖ ਕੇਂਦਰ ਸਰਕਾਰ ਕੋਲ ਰੱਖੇ। ਉਹ ਅੱਜ ਇੱਥੇ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਵਾਸਤੇ ਆਏ ਸਨ। ਉਹ ਪਿਛਲੇ ਦੋ ਦਿਨਾਂ ਤੋਂ ਇੱਥੇ ਹੀ ਹਨ। ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਬਾਦਲ ਨੇ ਆਖਿਆ ਕਿ ਪੰਜਾਬ ਭਾਜਪਾ ਸੂਬੇ ਦੀਆਂ ਇੱਕ ਸੌ ਸਤਾਰਾਂ ਸੀਟਾਂ ’ਤੇ ਚੋਣ ਲੜ ਕੇ ਆਪਣੀ ਇੱਛਾ ਨੂੰ ਪੂਰੀ ਕਰ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਵਾਸਤੇ ਭਾਜਪਾ ਕੋਈ ਚੁਣੌਤੀ ਨਹੀਂ। ਲੋਕ ਜਾਣਦੇ ਹਨ ਕਿ ਪੰਜਾਬੀਆਂ ਦੇ ਹਿੱਤ ਕਿਨ੍ਹਾਂ ਦੇ ਹੱਥਾਂ ਵਿਚ ਸੁਰੱਖਿਅਤ ਹਨ। ਕਾਂਗਰਸ ਵਿੱਚ ਲੀਡਰਸ਼ਿਪ ਸੰਕਟ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਯੋਗ ਚਿਹਰਾ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦਾ ਪੰਜਾਬ ਵਿੱਚੋਂ ਜਲਦੀ ਹੀ ਆਧਾਰ ਖਤਮ ਹੋ ਜਾਵੇਗਾ, ਕਿਉਂਕਿ ਮੌਜੂਦਾ ਕਾਂਗਰਸ ਸਰਕਾਰ ਨੇ ਸੂਬੇ ਦੇ ਹਿੱਤਾਂ ਅਤੇ ਪੰਜਾਬ ਦੇ ਲੋਕਾਂ ਵਾਸਤੇ ਕੁਝ ਨਹੀਂ ਕੀਤਾ ਹੈ। ਉਨ੍ਹਾਂ ਕਿਸੇ ਅਕਾਲੀ ਆਗੂ ਜਾਂ ਪਾਰਟੀ ਦਾ ਨਾਂ ਲਏ ਆਖਿਆ ਕਿ ਇਹ ਕਾਂਗਰਸ ਦੇ ਧਾਰਮਿਕ ਏਜੰਟ ਹਨ, ਜੋ ਕਾਂਗਰਸ ਦੇ ਇਸ਼ਾਰੇ ’ਤੇ ਸਿੱਖ ਸ਼ਕਤੀ ਨੂੰ ਖੋਰਾ ਲਾ ਰਹੇ ਹਨ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਆਦੇਸ਼ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਪਾਰਟੀ ਆਪਣੀਆਂ ਖਾਮੀਆਂ ਨੂੰ ਦੂਰ ਕਰੇਗੀ ਅਤੇ ਦਿੱਤੇ ਆਦੇਸ਼ ਮੁਤਾਬਕ ਕੰਮ ਕਰੇਗੀ। ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਰੂਪ ਅਖ਼ਤਿਆਰ ਕਰਨ ਲਈ ਕਿਹਾ ਹੈ।