ਪੰਜਾਬ ਸਰਕਾਰ ਨੇ ਸ਼ੁੱਕਰਵਾਰ ਸਵੇਰ ਤੱਕ ਰੇਲ ਮਾਰਗਾਂ ਤੋਂ ਧਰਨੇ ਚੁਕਵਾਉਣ ਦਾ ਭਰੋਸਾ ਦਿੱਤਾ: ਰੇਲਵੇ ਬੋਰਡ

0
1073

ਦਿੱਲੀ: ਰੇਲਵੇ ਬੋਰਡ ਦੇ ਚੇਅਰਮੈਨ ਵੀ.ਕੇ.ਯਾਦਵ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਵਿੱਚ ਰੇਲ ਮਾਰਗਾਂ ’ਤੇ ਲਾਏ ਧਰਨੇ ਸ਼ੁੱਕਰਵਾਰ ਸਵੇਰ ਤਕ ਚੁੱਕ ਦਿੱਤੇ ਜਾਣਗੇ। ਯਾਦਵ ਨੇ ਕਿਹਾ ਕਿ ਪੰਜਾਬ ਵਿੱਚ ਕੁੱਲ ਮਿਲਾ ਕੇ 31 ਰੇਲ ਮਾਰਗਾਂ ’ਤੇ ਧਰਨੇ ਲਾੲੇ ਗਏ ਸਨ ਤੇ ਇਨ੍ਹਾਂ ਵਿੱਚੋਂ 14 ਪਹਿਲਾਂ ਹੀ ਹਟਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬਾਈ ਅਧਿਕਾਰੀਆਂ ਤੇ ਆਰਪੀਐੱਫ ਦੀ ਇਕ ਸਾਂਝੀ ਟੀਮ ਬਣਾਈ ਗਈ ਹੈ, ਜੋ ਰੇਲ ਮਾਰਗਾਂ ਦੀ ਸੁਰੱਖਿਆ ਨੂੰ ਲੈ ਕੇ ਖ਼ੁਦ ਮੌਕੇ ’ਤੇ ਜਾ ਕੇ ਇਸ ਦਾ ਮੁਆਇਨਾ ਕਰੇਗੀ। ਯਾਦਵ ਨੇ ਕਿਹਾ, ‘ਪੰਜਾਬ ਸਰਕਾਰ ਨੇ ਸਾਨੂੰ ਸ਼ੁੱਕਰਵਾਰ ਸਵੇਰ ਤਕ ਸਾਰੇ ਰੇਲ ਮਾਰਗਾਂ ਤੋਂ ਧਰਨੇ ਚੁੱਕਣ ਦਾ ਭਰੋਸਾ ਦਿੱਤਾ ਹੈ। 31 ਥਾਵਾਂ ’ਚੋਂ 14 ਉੱਤੇ ਵੀਰਵਾਰ ਨੂੰ ਧਰਨੇ ਚੁੱਕ ਲਏ ਗਏ ਹਨ। ਰੇਲ ਮਾਰਗਾਂ ਦੇ ਰੱਖ ਰਖਾਓ ਨਾਲ ਜੁੜੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ ਅਤੇ ਜਿਵੇਂ ਹੀ ਰੇਲ ਮਾਰਗ ਕੰਟਰੋਲ ਅਧੀਨ ਆਉਂਦੇ ਹਨ, ਅਸੀਂ ਗੱਡੀਆਂ ਚਲਾ ਦੇਵਾਂਗੇ।’ ਚੇਤੇ ਰਹੇ ਕਿ ਤਿੰਨ ਖੇਤੀ ਬਿੱਲਾਂ ਨੂੰ ਪਾਸ ਕਰਨ ਖ਼ਿਲਾਫ਼ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਕਰਕੇ ਰੇਲ ਸੇਵਾਵਾਂ 24 ਸਤੰਬਰ ਤੋਂ ਬੰਦ ਹਨ।