ਭਾਰਤ ਆਪਣੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰਾਖੀ ਲਈ ਵਚਨਬੱਧ: ਰਾਜਨਾਥ

0
945

ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਇਕਪਾਸੜਵਾਦ ਅਤੇ ਹਮਲੇ ਦੀ ਸਥਿਤੀ ਵਿਚ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰਾਖੀ ਲਈ ਵਚਨਬੱਧ ਹੈ। ਪੂਰਬੀ ਲੱਦਾਖ ਵਿਚ ਚੀਨ ਨਾਲ ਲੱਗਦੀ ਸਰਹੱਦ ’ਤੇ 7 ਮਹੀਨਿਆਂ ਤੋਂ ਜਾਰੀ ਤਣਾਅ ਵਿਚਾਲੇ ਉਨ੍ਹਾਂ ਦਾ ਇਹ ਬਿਆਨ ਆਇਆ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਗੱਲਬਾਤ ਰਾਹੀਂ ਮਤਭੇਦਾਂ ਦੇ ਸ਼ਾਂਤੀਪੂਰਨ ਹੱਲ ਨੂੰ ਅਹਿਮੀਅਤ ਦਿੰਦਾ ਹੈ ਅਤੇ ਸਰਹੱਦਾਂ ਨਾਲ ਸ਼ਾਂਤੀ ਬਣਾਈ ਰੱਖਣ ਲਈ ਵੱਖ ਵੱਖ ਸਮਝੌਤਿਆਂ ਦਾ ਸਨਮਾਨ ਕਰਦਾ ਹੈ। ਨੈਸ਼ਨਲ ਡਿਫੈਂਸ ਕਾਲਜ ਵੱਲੋਂ ਕਰਵਾਏ ਵਰਚੁਅਲ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ ਭਾਰਤ ਇਕਪਾਸੜਵਾਦ ਅਤੇ ਹਮਲਿਆਂ ਤੋਂ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰਾਖੀ ਲਈ ਵਚਨਬੱਧ ਹੈ। ਭਾਰਤ ਸ਼ਾਂਤੀਪੂਰਨ ਮੁਲਕ ਹੈ ਅਤੇ ਊਸ ਦਾ ਮੰਨਣਾ ਹੈ ਕਿ ਮਤਭੇਦ, ਵਿਵਾਦਾਂ ਵਿੱਚ ਤਬਦੀਲ ਨਹੀਂ ਹੋਣੇ ਚਾਹੀਦੇ।’ ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦ ’ਤੇ ਤਣਾਅ ਦੀ ਸ਼ੁਰੂਆਤ ਛੇ ਮਈ ਨੂੰ ਹੋਈ ਸੀ ਅਤੇ ਇਸ ਨਾਲ ਦੋਵਾਂ ਮੁਲਕਾਂ ਦੇ ਰਿਸ਼ਤੇ ਕਾਫ਼ੀ ਪ੍ਰਭਾਵਿਤ ਹੋਏ ਹਨ। ਤਣਾਅ ਦੂਰ ਕਰਨ ਲਈ ਦੋਵਾਂ ਧਿਰਾਂ ਵਿਚਾਲੇ ਕੂਟਨੀਤਕ ਅਤੇ ਫੌਜੀ ਪੱਧਰ ’ਤੇ ਕਈ ਗੇੜਾਂ ਵਿੱਚ ਗੱਲਬਾਤ ਹੋ ਚੁੱਕੀ ਹੈ ਪਰ ਇਸ ਦਾ ਕੋਈ ਸਾਰਥਕ ਹੱਲ ਨਹੀਂ ਨਿਕਲਿਆ।