ਦਿੱਲੀ ਅਤੇ ਹਿਮਾਚਲ ਦੀ ਤਰਜ਼ ‘ਤੇ, ਹੁਣ ਵਾਤਾਵਰਣ ਬਚਾਉਣ ਅਤੇ ਨਵੀਂ ਤਕਨੀਕ ਦੀ ਵਰਤੋਂ ਕਰਦਿਆਂ, ਪੰਜਾਬ ਦੀਆਂ ਸੜਕਾਂ’ ਤੇ ਵੀ ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਪੰਜਾਬ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਵਿਚ ਡੀਜ਼ਲ ਬੱਸਾਂ ਦੇ ਨਾਲ ਇਲੈਕਟ੍ਰਿਕ ਬੱਸਾਂ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਹਾਲਾਂਕਿ ਇਹ ਇਕ ਸ਼ੁਰੂਆਤੀ ਪੜਾਅ ਹੈ।
ਜਲਦੀ ਹੀ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਪਾਲਿਸੀ ਤਿਆਰ ਕਰਕੇ ਬੱਸਾਂ ਖਰੀਦੀਆਂ ਜਾਣਗਿਆਂ ਅਤੇ ਰੂਟ ਤੈਅ ਕੀਤੇ ਜਾਣਗੇ। ਹਾਲ ਹੀ ਵਿੱਚ ਪੰਜਾਬ ਟ੍ਰਾਂਸਪੋਰਟ ਵਿਭਾਗ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਇਲੈਕਟ੍ਰਿਕ ਬੱਸਾਂ ਦੇ ਪ੍ਰਸਤਾਵ ਨੂੰ ਰੱਖਿਆ ਗਿਆ ਸੀ। ਜਿਸ ਵਿੱਚ ਰਾਜ ਦੇ ਸਾਰੇ 18 ਡਿਪੂਆਂ ਤੋਂ ਲੋੜ ਅਨੁਸਾਰ ਇਲੈਕਟ੍ਰਿਕ ਬੱਸਾਂ ਦੀ ਗਿਣਤੀ ਮੰਗੀ ਗਈ ਹੈ।
ਰਾਜ ਦੇ ਸਾਰੇ ਡਿਪੂਆਂ ਤੋਂ ਲਗਭਗ 70 ਤੋਂ 75 ਬੱਸਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਲੈਕਟ੍ਰਿਕ ਬੱਸਾਂ ਲੰਬੇ ਰੂਟ ਅੰਮ੍ਰਿਤਸਰ, ਚੰਡੀਗੜ੍ਹ, ਬਠਿੰਡਾ, ਪਟਿਆਲਾ ਜਾਂ ਦਿੱਲੀ ਵਿਖੇ ਚਲਾਈਆਂ ਜਾ ਸਕਦੀਆਂ ਹਨ। 1.5 ਤੋਂ 2 ਕਰੋੜ ਰੁਪਏ ਦੀਆਂ ਕੀਮਤਾਂ ਵਾਲੀ ਇਨ੍ਹਾਂ ਬੱਸਾਂ ਨੂੰ ਲੈ ਕੇ ਕੇਂਦਰ ਵੀ ਕੋਸ਼ਿਸ ਕਰ ਰਹੀ ਹੈ। ਪਿਛਲੇ ਸਾਲ ਕੇਂਦਰ ਨੇ ਦੇਸ਼ ਦੇ 64 ਸ਼ਹਿਰਾਂ ਵਿਚ 5,595 ਇਲੈਕਟ੍ਰਿਕ ਬੱਸਾਂ ਚਲਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਸੀ।
ਕੇਂਦਰ ਸਰਕਾਰ ਇਲੈਕਟ੍ਰਿਕ ਬੱਸਾਂ ਦੀ ਖਰੀਦ ਵਿੱਚ ਸਬਸਿਡੀ ਵੀ ਦੇਵੇਗੀ। 9 ਅਤੇ 12 ਮੀਟਰ ਦੀਆਂ ਬੱਸਾਂ ਇਸ ਸਮੇਂ ਦਿੱਲੀ ਵਿੱਚ ਚੱਲ ਰਹੀਆਂ ਹਨ, ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦੀਆਂ ਬੱਸਾਂ ਚਲਾਉਣ ਦਾ ਪ੍ਰਸਤਾਵ ਹੈ। ਇੱਕ ਵਾਰ ਬੈਟਰੀ ਚਾਰਜ ਹੋ ਜਾਣ ‘ਤੇ, ਇਹ ਬੱਸਾਂ 200 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰ ਸਕਦੀਆਂ ਹਨ।