ਨਵਾਜ਼ ਸ਼ਰੀਫ਼ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਇਕ ਹੋਰ ਕੇਸ ਦਰਜ

0
1276

ਇਸਲਾਮਾਬਾਦ: ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਕੌਮੀ ਜਵਾਬਦੇਹੀ ਬਿਊਰ (ਐੱਨਏਬੀ) ਨੇ ਮੁਲਕ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਇਕ ਹੋਰ ਕੇਸ ਦਰਜ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਸੁਪਰੀਮੋ ਨਵਾਜ਼ ਸ਼ਰੀਫ ਨੂੰ ਸਾਲ 2017 ਵਿੱਚ ਮੁਲਕ ਦੀ ਸਿਖਰਲੀ ਅਦਾਲਤ ਨੇ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ। ਨਵਾਜ਼ ਮੈਡੀਕਲ ਇਲਾਜ ਲਈ ਇਸ ਵੇਲੇ ਲੰਡਨ ਵਿੱਚ ਹਨ। ਰੋਜ਼ਨਾਮਚਾ ਡਾਅਨ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ ਕਿ ਐੱਨਏਬੀ ਨੇ ਸ਼ਰੀਫ਼ ਤੋਂ ਇਲਾਵਾਂ ਉਨ੍ਹਾਂ ਦੇ ਸਾਬਕਾ ਨਿੱਜੀ ਸਕੱਤਰ ਫ਼ਵਾਦ ਹਸਨ ਫ਼ਵਾਦ, ਸਾਬਕਾ ਸੰਘੀ ਮੰਤਰੀ ਅਹਿਸਨ ਇਕਬਾਲ, ਸਾਬਕਾ ਵਿਦੇਸ਼ ਸਕੱਤਰ ਐਜ਼ਾਜ਼ ਚੌਧਰੀ ਤੇ ਸਾਬਕਾ ਇੰਟੈਲੀਜੈਂਸ ਬਿਊਰੋ ਮੁਖੀ ਆਫ਼ਤਾਬ ਸੁਲਤਾਨ ਖ਼ਿਲਾਫ਼ ਕੇਸ ਦਰਜ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਐੱਨਏਬੀ ਮੁਤਾਬਕ ਸੱਜਰਾ ਕੇਸ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਲਈ 73 ਉੱਚ ਸੁਰੱਖਿਆ ਵਾਲੇ ਵਾਹਨਾਂ ਦੀ ‘ਗੈਰਕਾਨੂੰਨੀ’ ਖ਼ਰੀਦ ਨਾਲ ਸਬੰਧਤ ਹੈ। ਬਿਊਰੋ ਨੇ ਦਾਅਵਾ ਕੀਤਾ ਕਿ ਵਾਹਨਾਂ ਦੀ ਖਰੀਦ ਮੌਕੇ ਨਿਰਧਾਰਿਤ ਨੇਮਾਂ ਦੀ ਉਲੰਘਣਾ ਕਰਕੇ ਸਰਕਾਰੀ ਖ਼ਜ਼ਾਨੇ ਨੂੰ 195.2 ਕਰੋੜ ਰੁਪੲੇ ਦਾ ਚੂਨਾ ਲਾਇਆ ਗਿਆ ਹੈ।