ਚੀਨ ਵੱਲੋਂ ਭਾਰਤੀ ਸਰਹੱਦ ’ਤੇ 60 ਹਜ਼ਾਰ ਸੈਨਿਕ ਤਾਇਨਾਤ

0
1769

ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਚੀਨ ਨੇ ਭਾਰਤ ਦੀ ਊੱਤਰੀ ਸਰਹੱਦ ’ਤੇ 60 ਹਜ਼ਾਰ ਜਵਾਨ ਤਾਇਨਾਤ ਕੀਤੇ ਹਨ। ਊਨ੍ਹਾਂ ਪੇਈਚਿੰਗ ਦੀ ‘ਮਾੜੇ ਵਰਤਾਅ’ ਅਤੇ ਕੁਆਡ ਮੁਲਕਾਂ ਲਈ ਖ਼ਤਰਾ ਖੜ੍ਹੇ ਕਰਨ ’ਤੇ ਨਿੰਦਾ ਕੀਤੀ। ਚਾਰ ਇੰਡੋ-ਪੈਸੇਫਿਕ ਮੁਲਕਾਂ- ਅਮਰੀਕਾ, ਜਪਾਨ, ਭਾਰਤ ਅਤੇ ਆਸਟੇਰਲੀਆ- ਜਿਨ੍ਹਾਂ ਨੂੰ ਕੁਆਡ ਸਮੂਹ ਵਜੋਂ ਜਾਣਿਆ ਜਾਂਦਾ ਹੈ, ਤੋਂ ਵਿਦੇਸ਼ ਮੰਤਰੀਆਂ ਨੇ ਮੰਗਲਵਾਰ ਨੂੰ ਟੋਕੀਓ ਵਿਚ ਮੁਲਾਕਾਤ ਕੀਤੀ ਸੀ, ਜੋ ਕਿ ਕਰੋਨਾਵਾਇਰਸ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਆਪਸ ਵਿਚ ਮਿਲੇ ਹਨ। ਪੌਂਪੀਓ ਨੇ ਅੱਜ ਟੋਕੀਓ ਤੋਂ ਵਾਪਸੀ ਮਗਰੋਂ ਇੱਕ ਇੰਟਰਵਿਊ ਦੌਰਾਨ ਕਿਹਾ, ‘‘ਭਾਰਤ 60 ਹਜ਼ਾਰ ਚੀਨੀ ਜਵਾਨਾਂ ਨੂੰ ਆਪਣੀ ਊੱਤਰੀ ਸਰਹੱਦ ’ਤੇ ਦੇਖ ਰਿਹਾ ਹੈ।’’ ਊਨ੍ਹਾਂ ਕਿਹਾ, ‘‘ਭਾਰਤ, ਆਸਟਰੇਲੀਆ ਅਤੇ ਜਪਾਨ ਤੋਂ ਮੈਂ ਆਪਣੇ ਹਮਰੁਤਬਾ ਨੂੰ ਮਿਲਿਆ ਸੀ- ਇੱਕ ਸਮੂਹ ਜਿਸ ਨੂੰ ਅਸੀਂ ਕੁਆਡ ਕਹਿੰਦੇ ਹਾਂ, ਚਾਰ ਵੱਡੇ ਲੋਕਤੰਤਰ, ਚਾਰ ਸ਼ਕਤੀਸ਼ਾਲੀ ਅਰਥਚਾਰੇ, ਚਾਰ ਮੁਲਕ, ਹਰੇਕ ਨੂੰ ਚੀਨੀ ਕਮਿਊਨਿਸਟ ਪਾਰਟੀ ਵਲੋਂ ਅਸਲੀ ਖ਼ਤਰਾ ਖੜ੍ਹਾ ਕੀਤਾ ਗਿਆ ਜਾਂ ਖ਼ਤਰਾ ਖੜ੍ਹਾ ਕਰਨ ਦਾ ਯਤਨ ਕੀਤਾ ਗਿਆ। ਅਤੇ ਊਹ ਇਸ ਖ਼ਤਰੇ ਨੂੰ ਆਪਣੇ ਮੁਲਕਾਂ ਵਿਚ ਵੀ ਭਾਂਪ ਰਹੇ ਹਨ।’’ ਦੱਸਣਯੋਗ ਹੈ ਕਿ ਪੌਂਪੀਓ ਨੇ ਮੰਗਲਵਾਰ ਨੂੰ ਟੋਕੀਓ ਵਿਚ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਕਾਤ ਕੀਤੀ ਅਤੇ ਇੰਡੋ-ਪੈਸੇਫਿਕ ਤੇ ਪੂਰੇ ਵਿਸ਼ਵ ਵਿਚ ਸ਼ਾਂਤੀ, ਖ਼ੁਸ਼ਹਾਲੀ, ਅਤੇ ਸੁਰੱਖਿਆ ਲਈ ਇਕੱਠੇ ਰਲ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਊਨ੍ਹਾਂ ਜੈਸ਼ੰਕਰ ਨਾਲ ਆਪਣੀ ਮੁਲਕਾਤ ਨੂੰ ‘ਸਫ਼ਲ’ ਦੱਸਿਆ।