ਭਾਜਪਾ ਨੇ ਗੱਠਜੋੜ ਦੀ ਮਰਿਆਦਾ ਭੰਗ ਕੀਤੀ: ਸੁਖਬੀਰ

0
1380

ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਖੇਤੀ ਬਿੱਲਾਂ ਵਰਗੇ ਅਹਿਮ ਮੁੱਦੇ ’ਤੇ ਪਾਰਟੀ ਨੂੰ ਭਰੋਸੇ ਵਿੱਚ ਨਾ ਲੈ ਕੇ ਭਾਜਪਾ ਨੇ ਗੱਠਜੋੜ ਦੀ ਮਰਿਆਦਾ ਭੰਗ ਕੀਤੀ ਹੈ ਜਿਸ ਕਰਕੇ ਅਕਾਲੀ ਦਲ ਨੇ ਐੱਨਡੀਏ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਹੈ। ਇੱਥੇ ਪਾਰਟੀ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਊਨ੍ਹਾਂ ਕਿਹਾ,‘‘ਗੱਠਜੋੜ ਦਾ ਅਸੂਲ ਹੁੰਦਾ ਹੈ ਕਿ ਸਾਰੀਆਂ ਭਾਈਵਾਲ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕਰਕੇ ਫ਼ੈਸਲੇ ਲਏ ਜਾਣ ਪਰ ਭਾਜਪਾ ਨੇ ਅਜਿਹਾ ਨਾ ਕਰਦਿਆਂ ਧੱਕੇ ਨਾਲ ਖੇਤੀ ਬਿੱਲ ਪਾਸ ਕਰ ਦਿੱਤੇ। ਹਰਸਿਮਰਤ ਕੌਰ ਬਾਦਲ ਨੇ ਮਜਬੂਰੀ ’ਚ ਨਹੀਂ ਬਲਕਿ ਜ਼ਮੀਰ ਦੀ ਆਵਾਜ਼ ਸੁਣਦਿਆਂ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਇਸ ਫ਼ੈਸਲੇ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਨ੍ਹਾਂ ਦੀ ਪਿੱਠ ਥਪਥਪਾਈ ਹੈ। ਸੁਖਬੀਰ ਨੇ ਕਿਹਾ ਕਿ ਸੰਸਦ ਵਿਚ ਹਰਸਿਮਰਤ ਤੋਂ ਇਲਾਵਾ ਕਿਸੇ ਹੋਰ ਪਾਰਟੀ ਅਤੇ ਆਗੂ ਨੇ ਖੇਤੀ ਬਿੱਲਾਂ ਵਿਰੁੱਧ ਸਟੈਂਡ ਨਹੀਂ ਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਨੇ ਸਦਨ ’ਚੋਂ ਵਾਕਆਊਟ ਕਰ ਕੇ ਇਕ ਤਰ੍ਹਾਂ ਨਾਲ ਭਾਜਪਾ ਦੀ ਹਮਾਇਤ ਕੀਤੀ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਕੁਰਸੀ ਦਾ ਲਾਲਚ ਨਹੀਂ ਕੀਤਾ। ਊਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਬਾਰੇ ਪਾਰਟੀ ਦਾ ਸਟੈਂਡ ਹਮੇਸ਼ਾ ਇੱਕੋ ਰਿਹਾ ਹੈ ਪਰ ਕਾਂਗਰਸ ਜਾਣਬੁੱਝ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਹੁਣ ਮੈਦਾਨੇ-ਏ-ਜੰਗ ਵਿੱਚ ਕੇਵਲ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਹੈ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਤੋਂ ਅਸਤੀਫ਼ੇ ਮੰਗਦੇ ਰਹੇ ਜਦੋਂਕਿ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਸਰਕਾਰ ਨੂੰ ਕਾਂਗਰਸ ਦੀ ਹਮਾਇਤ ਜਾਰੀ ਹੈ ਜਿਸ ਨੇ ਖੇਤੀ ਬਿੱਲਾਂ ਦੇ ਹੱਕ ਵਿੱਚ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਦੋਗਲੀ ਨੀਤੀ ਇੱਥੋਂ ਵੀ ਜ਼ਾਹਰ ਹੁੰਦੀ ਹੈ ਕਿ ਉਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਫ਼ਸਲਾਂ ਲਈ ਪ੍ਰਾਈਵੇਟ ਮੰਡੀਆਂ ਖੋਲ੍ਹਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜੇਕਰ ਬਿੱਲ ਵਾਪਸ ਵੀ ਲੈ ਲੈਂਦੀ ਹੈ ਤਾਂ ਵੀ ਪੰਜਾਬ ਵਿੱਚ ਇਹ ਲਾਗੂ ਰਹਿਣਗੇ। ਕਾਂਗਰਸ ਵੱਲੋਂ ਲਗਾਏ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਊਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਅੰਦੋਲਨ ਨੂੰ ਸਾਬੋਤਾਜ ਨਹੀਂ ਕਰ ਰਿਹਾ ਸਗੋਂ ਊਨ੍ਹਾਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਅਕਤੂਬਰ ਨੂੰ ਬਿੱਲਾਂ ਦੇ ਵਿਰੋਧ ਵਿੱਚ ਜੋ ਵਿਸ਼ਾਲ ਮਾਰਚ ਕੱਢਿਆ ਜਾਵੇਗਾ, ਉਹ ਦਿੱਲੀ ਦੇ ਤਖ਼ਤ ਨੂੰ ਹਿਲਾ ਦੇਵੇਗਾ। ਬਾਅਦ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਨਾਲੋਂ ਵੱਖ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਵੀਂ ਰਣਨੀਤੀ ਬਣਾਏਗਾ ਪਰ ਅਜੇ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰਨ ਬਾਰੇ ਕਹਿਣਾ ਸਮੇਂ ਤੋਂ ਪਹਿਲਾਂ ਗੱਲ ਹੋਵੇਗੀ। ਮੰਚ ’ਤੇ ਹਾਜ਼ਰ ਜ਼ਿਲ੍ਹਾ ਲੀਡਰਸ਼ਿਪ ਨੇ ਸੁਖਬੀਰ ਬਾਦਲ ਤੋਂ ਮੰਗ ਕੀਤੀ ਕਿ ਉਹ ਪਾਰਟੀ ਖਿਲਾਫ਼ ਬੋਲਣ ਵਾਲੇ ਸੁਖਦੇਵ ਸਿੰਘ ਢੀਂਡਸਾ ਦੀ ਰਾਜ ਸਭਾ ਮੈਂਬਰੀ ਖਾਰਜ ਕਰਵਾਉਣ ਲਈ ਕਾਰਵਾਈ ਆਰੰਭਣ।