ਲਾਹੌਰ ‘ਚ ਵਿਸ਼ਵ ਪੰਜਾਬੀ ਕਾਨਫ਼ਰੰਸ ਕਈ ਮਤੇ ਪਾਸ ਕਰਕੇ ਸਮਾਪਤ ਹੋਈ

0
1712

ਲਾਹੌਰ ‘ਚ ਸੰਪੂਰਨ ਹੋਈ ੩੦ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਮੌਕੇ ਫ਼ਖ਼ਰ ਜ਼ਮਾਨ, ਡਾ: ਦੀਪਕ ਮਨਮੋਹਨ ਸਿੰਘ ਤੇ ਮੁਸ਼ਤਾਕ ਲਾਛਾਰੀ ਇੰਗਲੈਂਡ ਵਲੋਂ ਸਰਬਸੰਮਤੀ ਨਾਲ ਪਾਸ ਕੀਤੇ ੭ ਮਤਿਆਂ ‘ਚ ਮੰਗ ਕੀਤੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਭਰਪੂਰ ਸਵਾਗਤ ਹੈ ਪਰ ਗੁਰੂ ਨਾਨਕ ਦੇਵ ਜੀ ਦੀ ਜ਼ਬਾਨ ਦੇ ਵਿਕਾਸ ਲਈ ਵੀ ਪ੍ਰਾਇਮਰੀ ਪੱਧਰ ਤੋਂ ਉਚੇਰੀ ਸਿੱਖਿਆ ਤਕ ਸਰਕਾਰਾਂ ਪ੍ਰਬੰਧ ਕਰਨ। ਲਾਹੌਰ ‘ਚ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇ, ਯੂਨੀਵਰਸਿਟੀਆਂ ਤੇ ਕਾਲਜਾਂ ਦਾ ਸਿਲੇਬਸ ਸੋਧ ਕੇ ਨਵੀਂ ਸੋਚ ਦੇ ਹਾਣ ਦਾ ਬਣਾਇਆ ਜਾਵੇ। ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ ਪੰਜਾਬੀ ਵਿਦਵਾਨਾਂ ਤੋਂ ਮੰਗ ਕੀਤੀ ਹੈ ਕਿ ਪੰਜਾਬੀ ਭਾਸ਼ਾ ਦੇ ਸ਼ੁੱਧ ਸਰੂਪ ਕਰਨ ਦੇ ਬਹਾਨੇ ਨਵੇਂ ਸ਼ਬਦਾਂ ਲਈ ਬੂਹਾ ਬੰਦ ਨਾ ਕੀਤਾ ਜਾਵੇ। ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਬਾਰੇ ਵਿਸ਼ਵ ਪੰਜਾਬੀ ਕਾਂਗਰਸ ਦੀ ਪੁਰਾਣੀ ਮੰਗ ਪੂਰੀ ਹੋਈ ਹੈ ਪਰ ਦੋਵਾਂ ਦੇਸ਼ਾਂ ਵਿਚਕਾਰ ਵੀਜ਼ਾ ਸਹੂਲਤਾਂ ਆਸਾਨ ਕੀਤੀਆਂ ਜਾਣ। ਹਿੰਦ ਪਾਕਿ ਬੱਸ ਤੇ ਰੇਲ ਸੇਵਾ ਬਹਾਲ ਕਰਕੇ ਵਿਸ਼ਵਾਸ ਲਹਿਰ ਚਲਾਈ ਜਾਵੇ। ਦੋਵਾਂ ਦੇਸ਼ਾਂ ਦੇ ਗੁੰਝਲਦਾਰ ਮਸਲੇ ਗੱਲਬਾਤ ਰਾਹੀਂ ਜਲਦੀ ਹੱਲ ਕੀਤੇ ਜਾਣ ਤਾਂ ਜੋ ਮਨੁੱਖ ਦੇ ਸਰਬ ਕਲਿਆਣਕਾਰੀ ਮਾਹੌਲ ਦੀ ਉਸਾਰੀ ਕੀਤੀ ਜਾ ਸਕੇ। ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ‘ਚ ਐੱਮ. ਏ. ਕਰਨ ਵਾਲੇ ਵਿਦਿਆਰਥੀਆਂ ਲਈ ਗੁਰਮੁਖੀ ਪਰਚਾ ਲਾਜ਼ਮੀ ਕੀਤਾ ਜਾਵੇ ਅਤੇ ਇੰਜ ਹੀ ਭਾਰਤੀ ਯੂਨੀਵਰਸਿਟੀਆਂ ‘ਚ ਵੀ ਸ਼ਾਹਮੁਖੀ ਲਿਪੀ ਜ਼ਰੂਰੀ ਕੀਤੀ ਜਾਵੇ। ਇਹ ਵੀ ਮਤਾ ਪੇਸ਼ ਕੀਤਾ ਕਿ ਭਾਰਤ ਪਾਕਿ ਲਿਖਾਰੀਆਂ, ਕਲਾਕਾਰਾਂ ਤੇ ਗਾਇਕਾਂ ਦਾ ਸਭਿਆਚਾਰਕ ਆਦਾਨ ਪ੍ਰਦਾਨ ਵਧਾਇਆ ਜਾਵੇ। ਸੀਨੀਅਰ ਸਿਟੀਜ਼ਨ ਨੂੰ ਸਰਹੱਦ ‘ਤੇ ਪੁੱਜਣ ਸਾਰ ਵੀਜ਼ਾ ਦੇਣ ਦਾ ਪ੍ਰਸ਼ਾਸਕੀ ਪ੍ਰਬੰਧ ਕੀਤਾ ਜਾਵੇ। ਪਾਕਿ ‘ਚ ਬੋਲੀਆਂ ਜਾਂਦੀਆਂ ਸਭ ਜ਼ਬਾਨਾਂ ਨੂੰ ਕੌਮੀ ਜ਼ਬਾਨਾਂ ਐਲਾਨਿਆ ਜਾਵੇ।
ਵਿਚਾਰ ਚਰਚਾ ਸੈਸ਼ਨ ‘ਚ ਸੁਸ਼ੀਲ ਦੁਸਾਂਝ ਨੇ ਪੰਜਾਬੀ ਸਾਹਿੱਤਕ ਪੱਤਰਕਾਰੀ, ਬਲਜੀਤ ਬੱਲੀ ਨੇ ਮੀਡੀਆ ਨੂੰ ਦਰਪੇਸ਼ ਸਮੱਸਿਆਵਾਂ, ਰਵੇਲ ਸਿੰਘ ਭਿੰਡਰ ਨੇ ਪੰਜਾਬੀ ਸੱਭਿਆਚਾਰਕ ਸ਼ਕਤੀ ਤੇ ਲੋਕ ਸਾਹਿੱਤ, ਪੰਜਾਬੀ ਕਵਿਤਾ ‘ਚ ਮੁਹੱਬਤੀ ਸੰਘਰਸ਼ ਬਾਰੇ ਅਤੇ ਕੈਨੇਡਾ ਤੋਂ ਆਏ ਲੇਖਕ ਸੁਖਿੰਦਰ ਨੇ ਖੋਜ ਪੱਤਰ ਪੇਸ਼ ਕੀਤੇ। ਇੰਗਲੈਂਡ ਤੋਂ ਆਏ ਵਿਦਵਾਨ ਮੁਸ਼ਤਾਕ ਲਾਛਾਰੀ ਨੇ ਦੇਸ਼-ਵਿਦੇਸ਼ ‘ਚ ਨਾਬਰ ਸ਼ਕਤੀ ਬਾਰੇ ਨਿਸ਼ਾਨਦੇਹੀ ਕੀਤੀ। ਅਹਿਮਦ ਸਲੀਮ ਦੀ ਬੇਟੀ ਤੇ ਪੰਜਾਬ ਯੂਨੀਵਰਸਿਟੀ ‘ਚ ਅਸਿਸਟੈਂਟ ਪ੍ਰੋਫ਼ੈਸਰ ਨੇ ਵੀ ਵਿਚਾਰ ਉਤੇਜਕ ਖੋਜ ਪੱਤਰ ਪੜ੍ਹਿਆ। ਸੈਸ਼ਨ ਦੀ ਪ੍ਰਧਾਨਗੀ ਪ੍ਰੋ: ਗੁਰਭਜਨ ਗਿੱਲ, ਡਾ: ਅਬਦਾਲ ਬੇਲਾ ਤੇ ਡਾ: ਦੀਪਕ ਮਨਮੋਹਨ ਸਿੰਘ ਨੇ ਕੀਤੀ।
ਇੰਡੋ ਪਾਕਿ ਕਵੀ ਦਰਬਾਰ ‘ਚ ਸਤੀਸ਼ ਗੁਲ੍ਹਾਟੀ, ਬਾਬਾ ਨਜ਼ਮੀ, ਡਾ: ਸੁਗਰਾ ਸਦਫ਼, ਨਜ਼ੀਰ ਸਦਰ, ਬੁਸ਼ਰਾ ਐਜ਼ਾਜ਼, ਸਾਬਰ ਅਲੀ ਸਾਬਰ, ਤਨਵੀਰ ਅੱਬਾਸ ਮਿਰਜ਼ਾ, ਗੁਰਭਜਨ ਗਿੱਲ, ਸਾਨੀਆ ਸ਼ੇਖ਼, ਡਾ: ਸੁਲਤਾਨਾ ਬੇਗਮ, ਸਹਿਜਪ੍ਰੀਤ ਸਿੰਘ ਮਾਂਗਟ, ਆਬਿਦ ਸ਼ਾਹ ਗੀਲਾਨੀ, ਡਾ: ਤਰਸਪਾਲ ਕੌਰ ਬਰਨਾਲਾ, ਸੁਖਿੰਦਰ ਕੈਨੇਡਾ,ਅਲਮਾਸ ਸ਼ਬੀ ਅਮਰੀਕਾ, ਬੀਬਾ ਬਲਵੰਤ, ਦਰਸ਼ਨ ਬੁੱਟਰ, ਡਾ: ਰਤਨ ਸਿੰਘ ਢਿੱਲੋਂ, ਇਮਰਾਨਾ ਮੁਸ਼ਤਾਕ, ਸੋਫੀਆ ਬੇਦਾਰ, ਇਕਬਾਲ ਕੈਸਰ ਨੇ ਹਿੱਸਾ ਲਿਆ।