ਟਰੰਪ ਕੋਰੋਨਾ ਤੋਂ ਘਬਰਾ ਗਏ ਤੇ ਅਮਰੀਕਾ ਨੇ ਭਾਰੀ ਕੀਮਤ ਚੁਕਾਈ : ਬਿਡੇਨ

0
1121

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣ ਵਿਚ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਨੇ ਕੋਰੋਨਾ ਮਹਾਮਾਰੀ ਨਾਲ ਨਿਪਟਣ ਵਿਚ ਨਾਕਾਮ ਰਹਿਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਕ ਪ੍ਰਭਾਵੀ ਲੀਡਰਸ਼ਿਪ ਦੀ ਲੋੜ ਹੈ ਪ੍ਰੰਤੂ ਟਰੰਪ ਘਬਰਾ ਗਏ ਅਤੇ ਅਮਰੀਕਾ ਨੂੰ ਦੁਨੀਆ ਵਿਚ ਸਭ ਤੋਂ ਜ਼ਿਆਦਾ ਕੀਮਤ ਚੁਕਾਉਣੀ ਪਈ।

ਵਿਸਕਾਨਸਿਨ ਦੀ ਇਕ ਰੈਲੀ ਵਿਚ ਬਿਡੇਨ ਨੇ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਅਸੀਂ ਲੰਬੇ ਸਮੇਂ ਤੋਂ ਮਹਾਮਾਰੀ ਨਾਲ ਰਹਿ ਰਹੇ ਹਾਂ। ਅਸੀਂ ਬਹੁਤ ਸਾਰੇ ਲੋਕਾਂ ਨੂੰ ਗੁਆਇਆ ਹੈ। ਇਹ ਗਿਣਤੀ ਵੱਧਦੀ ਹੀ ਜਾ ਰਹੀ ਹੈ। ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ। ਅਸੀਂ ਇਸ ਨੁਕਸਾਨ, ਦੁੱਖ ਅਤੇ ਗੁੱਸੇ ਨੂੰ ਸਮਝਣ ਦੀ ਸਮਰੱਥਾ ਨਹੀਂ ਖੋਹ ਸਕਦੇ।

ਬਿਡੇਨ ਨੇ ਟਰੰਪ ਦੀ ਅਗਵਾਈ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕਿਵੇਂ ਉਨ੍ਹਾਂ ਨੇ ਮਹਾਮਾਰੀ ਨੂੰ ਸੰਭਾਲਿਆ। ਉਨ੍ਹਾਂ ਕਿਹਾ ਕਿ ਅੱਜ ਬਦਕਿਸਮਤੀ ਨਾਲ ਅਮਰੀਕਾ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਦੋ ਲੱਖ ਤਕ ਪੁੱਜ ਗਈ ਹੈ। ਇਹ ਪਿਛਲੇ 180 ਦਿਨਾਂ ਦੀ ਤੁਲਨਾ ਵਿਚ ਅਧਿਕ ਭਿਆਨਕ ਹੈ। ਅਗਲੇ 90 ਦਿਨਾਂ ਵਿਚ ਸਥਿਤੀ ਹੋਰ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ ਭਿਆਨਕ ਸੰਕਟ ਨੂੰ ਸਾਹਮਣੇ ਦੇਖ ਕੇ ਟਰੰਪ ਘਬਰਾ ਗਏ ਅਤੇ ਅਮਰੀਕਾ ਨੇ ਦੁਨੀਆ ਵਿਚ ਇਸ ਦੀ ਸਭ ਤੋਂ ਜ਼ਿਆਦਾ ਕੀਮਤ ਚੁਕਾਈ। ਟਰੰਪ ਨੂੰ ਫਰਵਰੀ ਵਿਚ ਹੀ ਪਤਾ ਚੱਲ ਗਿਆ ਸੀ ਕਿ ਇਹ ਮਹਾਮਾਰੀ ਕਿੰਨੀ ਘਾਤਕ ਹੈ ਪ੍ਰੰਤੂ ਉਨ੍ਹਾਂ ਨੇ ਅਮਰੀਕੀ ਲੋਕਾਂ ਤੋਂ ਇਹ ਸੱਚਾਈ ਲੁਕੋ ਕੇ ਰੱਖੀ। ਉਹ ਝੂਠ ਬੋਲਦੇ ਰਹੇ ਕਿ ਗਰਮ ਮੌਸਮ ਵਿਚ ਇਹ ਵਾਇਰਸ ਖ਼ੁਦ ਚਮਤਕਾਰ ਦੀ ਤਰ੍ਹਾਂ ਗ਼ਾਇਬ ਹੋ ਜਾਵੇਗਾ। ਸੱਚ ਤਾਂ ਇਹ ਹੈ ਕਿ ਟਰੰਪ ਨੂੰ ਮਹਾਮਾਰੀ ਤੋਂ ਜ਼ਿਆਦਾ ਸ਼ੇਅਰ ਬਾਜ਼ਾਰ ਦੀ ਚਿੰਤਾ ਸੀ।