ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਭਰ ’ਚ ਫੁੱਟਿਆ ਰੋਹ

0
1054

ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਅੱਜ ਪੰਜਾਬ ਭਰ ’ਚ ਖੇਤੀ ਬਿੱਲਾਂ ਦੇ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਗਏ ਜਿਨ੍ਹਾਂ ’ਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਨੂੰ ‘ਕਾਲੇ ਕਾਨੂੰਨ’ ਦੱਸਿਆ ਗਿਆ। ਪੰਜਾਬ ਕਾਂਗਰਸ ਦੇ ਸੱਦੇ ’ਤੇ ਅੱਜ ਬਹੁਤੇ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸੀ ਵਰਕਰਾਂ ਨੇ ਰੋਸ ਮੁਜ਼ਾਹਰੇ ਕੀਤੇ। ਕਈ ਥਾਵਾਂ ’ਤੇ ਵਜ਼ੀਰਾਂ ਨੇ ਇਨ੍ਹਾਂ ਦੀਅਗਵਾਈ ਕੀਤੀ। ਮੁਹਾਲੀ ਨੂੰ ਛੱਡ ਕੇ ਕਈ ਹਲਕਿਆਂ ਦੇ ਪੇਂਡੂ ਖੇਤਰਾਂ ਵਿੱਚ ਵਰਕਰਾਂ ਨੇ ਰੋਸ ਮਾਰਚ ਵੀ ਕੀਤੇ।

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਬੱਸੀ ਪਠਾਣਾ ਵਿੱਚ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ। ਉਨ੍ਹਾਂ ਕਿਸਾਨਾਂ ਦੇ ਇਕੱਠ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਬਣਾ ਕੇ ਕਾਰਪੋਰੇਟ ਕੰਪਨੀਆਂ ਨੂੰ ਕਿਸਾਨਾਂ ਨੂੰ ਲੁੱਟਣ ਦੀ ਆਜ਼ਾਦੀ ਦੇ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਆਖ ਰਹੇ ਹਨ ਕਿ ਕਿਸਾਨਾਂ ਨੂੰ ਅਜ਼ਾਦੀ ਦੇ ਦਿੱਤੀ ਹੈ ਜਦਕਿ ਸੱਚ ਇਹ ਹੈ ਕਿ ਕਿਸਾਨ ਤਾਂ ਪਹਿਲਾਂ ਹੀ ਕਿਸੇ ਵੀ ਸੂਬੇ ’ਚ ਆਪਣੀ ਜਿਣਸ ਵੇਚ ਸਕਦੇ ਸਨ। ਸ੍ਰੀ ਜਾਖੜ ਨੇ ਕਿਹਾ ਕਿ ਸਰਕਾਰ ਨੇ ਨਿੱਜੀ ਕੰਪਨੀਆਂ ਨੂੰ ਹੁਣ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਤਾਂ ਜੋ ਬਿਨਾਂ ਸਰਕਾਰੀ ਕੰਟਰੋਲ ਤੋਂ ਦੇਸ਼ ਦੇ ਗਰੀਬ ਕਿਸਾਨ ਨੂੰ ਲੁੱਟ ਸਕਣ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਜੇ ਅਕਾਲੀ ਦਲ ਦਾ ਮੋਦੀ ਸਰਕਾਰ ਦੀਆਂ ਨੀਤੀਆਂ ਨਾਲ ਵਿਰੋਧ ਹੈ ਤਾਂ ਫਿਰ ਕੇਂਦਰ ਸਰਕਾਰ ਨੂੰ ਹਮਾਇਤ ਜਾਰੀ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਅਸਲ ’ਚ ਅਕਾਲੀ ਦਲ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਅਤੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਸੁਭਾਸ਼ ਚੰਦਰ ਵੀ ਹਾਜ਼ਰ ਸਨ।