ਨਵੀਂ ਯੋਜਨਾ ਨੇ ਬੀ ਸੀ ਦੀ ਆਰਥਕ ਸਿਹਤਯਾਬੀ ਵਿੱਚ ਅੱਗੇ ਵਧਦੇ ਅਗਲੇ ਕਦਮਾਂ ਦਾ ਨਕਸ਼ਾ ਖਿੱਚਿਆ

0
908

ਵਿਕਟੋਰੀਆ- ਪ੍ਰੀਮੀਅਰ ਜੌਨ ਹੋਰਗਨ ਅਤੇ ਕੈਰੋਲ ਜੇਮਜ਼, ਵਿੱਤ ਮੰਤਰੀ ਨੇ ਸਟਰੌਂਗਰ ਬੀ ਸੀ ਫ਼ੌਰ ਐਵਰੀਵਨ: ਬੀ ਸੀ ਇਕਨੌਮਿਕ ਰਿਕਵਰੀ ਪਲੈਨ (ਹਰ ਇੱਕ ਲਈ ਵਧੇਰੇ ਮਜ਼ਬੂਤ ਬੀ ਸੀ: ਬੀ ਸੀ ਦੀ ਆਰਥਕ ਸਿਹਤਯਾਬੀ ਯੋਜਨਾ) ਜਾਰੀ ਕੀਤੀ ਹੈ।
ਇਹ ਯੋਜਨਾ ਉਨ੍ਹਾਂ ਤਾਜ਼ਾ ਕਦਮਾਂ ਦਾ ਖ਼ਾਕਾ ਪੇਸ਼ ਕਰਦੀ ਹੈ ਜੋ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਲੋਕਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਦੀ ਸਿਹਤਯਾਬੀ ਅਤੇ ਕੋਵਿਡ-੧੯ ਦੀ ਸਥਿਤੀ ਵਿੱਚੋਂ ਵਧੇਰੇ ਮਜ਼ਬੂਤ ਹੋ ਕੇ ਅਤੇ ਬਿਹਤਰ ਤਿਆਰੀ ਨਾਲ ਉਭਰਨ ਵਿੱਚ ਮਦਦ ਕਰਨ ਲਈ ਚੁੱਕ ਰਹੀ ਹੈ। ਕੋਵਿਡ-੧੯ ਪ੍ਰਤੀ ਸੂਬਾਈ ਕਾਰਵਾਈ ਕਰਨ ਵਿੱਚ ਬੀ ਸੀ ਵੱਲੋਂ ਕੁੱਲ ੮.੨੫ ਬਿਲੀਅਨ ਡਾਲਰ ਤੋਂ ਵੱਧ ਖ਼ਰਚੇ ਗਏ ਹਨ।
“ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਦੇ ਤੌਰ ‘ਤੇ, ਹੁਣੇ ਹੁਣੇ ਅਸੀਂ ਕਾਫ਼ੀ ਕੁਝ ਬਰਦਾਸ਼ਤ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਸਾਡੀ ਸਿਹਤਯਾਬੀ ਰਾਤੋ ਰਾਤ ਨਹੀਂ ਹੋ ਸਕਦੀ, ਪਰ ਲੋਕਾਂ ‘ਤੇ ਧਿਆਨ ਕੇਂਦ੍ਰਿਤ ਕਰਕੇ ਅਤੇ ਇੱਕ ਦੂਜੇ ਦਾ ਖ਼ਿਆਲ ਰੱਖ ਕੇ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੇ ਸਾਰਿਆਂ ਲਈ ਆਉਣ ਵਾਲੇ ਦਿਨ ਬਿਹਤਰ ਹੋਣ,” ਪ੍ਰੀਮੀਅਰ ਹੋਰਗਨ ਨੇ ਕਿਹਾ, “ਜੋ ਕਦਮ ਅਸੀਂ ਹੁਣ ਚੁੱਕ ਰਹੇ ਹਾਂ, ਉਨ੍ਹਾਂ ਨਾਲ ਸਿਹਤ-ਸੰਭਾਲ ਦੀ ਸਥਿਤੀ ਸੁਧਰੇਗੀ, ਲੋਕਾਂ ਨੂੰ ਕੰਮਕਾਰ ‘ਤੇ ਵਾਪਸ ਲਿਜਾਇਆ ਜਾ ਸਕੇਗਾ, ਬੀ ਸੀ ਦੇ ਕਾਰੋਬਾਰਾਂ ਦੀ ਮਦਦ ਹੋ ਸਕੇਗੀ ਅਤੇ ਸਾਡੇ ਆਂਢ ਗਵਾਂਢ ਅਤੇ ਭਾਈਚਾਰਿਆਂ ਵਿੱਚ ਮਜ਼ਬੂਤੀ ਆਏਗੀ।”
ਬ੍ਰਿਟਿਸ਼ ਕੋਲੰਬੀਆ ਇਸ ਮਹਾਮਾਰੀ ਦੇ ਸ਼ੁਰੂ ਹੋਣ ਸਮੇਂ ਕੈਨੇਡਾ ਵਿੱਚ ਆਰਥਕ ਤੌਰ ‘ਤੇ ਮੋਹਰੀ ਸੀ, ਜਿਸ ਕਰਕੇ ਇਹ ਇੱਕ ਮਜ਼ਬੂਤ ਆਰਥਕ ਸਿਹਤਯਾਬੀ ਨੂੰ ਸਹਾਰਾ ਦੇਣ ਲਈ ਸਭ ਤੋਂ ਵਧੀਆ ਸਥਿਤੀ ਵਾਲੇ ਸੂਬਿਆਂ ਵਿੱਚੋਂ ਇੱਕ ਹੈ। ਮਈ ਦੇ ਅੱਧ ਵਿੱਚ, ਇੱਕ ਸੁਰੱਖਿਅਤ ਮੁੜ-ਚਾਲੂ ਯੋਜਨਾ ਵੱਲ ਕਦਮ ਪੁੱਟਣ ਤੋਂ ਲੈ ਕੇ, ਬੀ ਸੀ ਵਿੱਚ ਉਪਭੋਗਤਾਵਾਂ ਦੁਆਰਾ ਕੀਤਾ ਜਾਣ ਵਾਲਾ ਖ਼ਰਚਾ, ਰਿਹਾਇਸ਼ੀ ਖੇਤਰ ਵਿੱਚ ਗਤੀਵਿਧੀ ਅਤੇ ਰੁਜ਼ਗਾਰ ਵਿੱਚ ਵਾਧਾ ਆਸ ਨਾਲੋਂ ਵਧੇਰੇ ਮਜ਼ਬੂਤ ਰਿਹਾ ਹੈ। ਅਗਸਤ ੨੦੨੦ ਤੱਕ, ਲਗਭਗ ੨੫੦,੦੦੦ ਨੌਕਰੀਆਂ ਵਾਪਸ ਆ ਚੁਕੀਆਂ ਸਨ, ਜੋ ਇਸ ਮਹਾਮਾਰੀ ਕਾਰਣ ਖ਼ਤਮ ਹੋਈਆਂ ਕੁੱਲ ਨੌਕਰੀਆਂ ਦੇ ੬੨% ਦੇ ਬਰਾਬਰ ਬਣਦਾ ਹੈ।
“ਜਦੋਂ ਸ਼ੁਰੂ ਵਿੱਚ ਕੋਵਿਡ-੧੯ ਦਾ ਹਮਲਾ ਹੋਇਆ, ਅਸੀਂ ਤੇਜ਼ੀ ਨਾਲ ਕਾਰਵਾਈ ਕੀਤੀ ਤਾਂ ਕਿ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਜਿਨ੍ਹਾਂ ਨੂੰ ਜ਼ਰੂਰਤ ਸੀ, ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਜਦੋਂ ਹੁਣ ਸਾਨੂੰ ਸਿਹਤਯਾਬੀ ਦੇ ਆਸਵੰਦ ਸੰਕੇਤ ਦਿਖਾਈ ਦੇਣੇ ਸ਼ੁਰੂ ਹੋ ਰਹੇ ਹਨ, ਤਾਂ ਸਾਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਹਾਲੇ ਵੀ ਸੰਘਰਸ਼ ਕਰ ਰਹੇ ਹਨ ਅਤੇ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ,” ਜੇਮਜ਼ ਨੇ ਕਿਹਾ, “ਬ੍ਰਿਟਿਸ਼ ਕੋਲੰਬੀਆ ਨਿਵਾਸੀ ਮਿਲ ਕੇ ਉਭਰ ਰਹੇ ਹਨ, ਅਤੇ ਇਸ ਰਸਤੇ ਦੇ ਹਰ ਕਦਮ ਵਿੱਚ ਅਸੀਂ ਉਨ੍ਹਾਂ ਦੀ ਸਹਾਇਤਾ ਕਰਨ ਲਈ ਮੌਜੂਦ ਰਹਾਂਗੇ। ਇੱਕ ਅਜਿਹੀ ਸਿਹਤਯਾਬੀ ਦੀ ਉਸਾਰੀ ਲਈ ਜੋ ਸਭ ਲਈ ਅਵਸਰ ਉਤਪੰਨ ਕਰ ਸਕੇ, ਸਾਡੇ ਸੂਬੇ ਦੀ ਬੁਨਿਆਦ ਮਜ਼ਬੂਤ ਹੈ।”

ਬੀ ਸੀ ਦੀ ਆਰਥਕ ਯੋਜਨਾ ਵਿਚਲੇ ਅਗਲੇ ਕਦਮ ਹਰ ਇੱਕ ਲਈ ਇੱਕ ਵਧੇਰੇ ਮਜ਼ਬੂਤ, ਹਾਲਾਤ ਅਨੁਸਾਰ ਵਧੇਰੇ ਢਲ ਸਕਣ ਵਾਲੀ ਆਰਥਕਤਾ ਉਸਾਰਨ ਵਿੱਚ ਮਦਦ ਕਰਨਗੇ।
• ਸਿਹਤ-ਸੰਭਾਲ ਨੂੰ ਬਿਹਤਰ ਬਣਾਉਣਾ- ਜੋ ੭,੦੦੦ ਨਵੇਂ ਫ਼ਰੰਟ-ਲਾਈਨ ਸਿਹਤ-ਸੰਭਾਲ ਕਾਮੇ ਭਰਤੀ ਕਰ ਕੇ ਕੀਤਾ ਜਾਵੇਗਾ। ਇਸ ਵਿੱਚ ਲੌਂਗ-ਟਰਮ ਕੇਅਰ ਹੋਮ ਸਥਾਨਾਂ ਵਿੱਚ ਪ੍ਰਕੋਪਾਂ ਦਾ ਪ੍ਰਬੰਧਨ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਿਹਤ-ਸੰਭਾਲ ਸਹਾਇਕ ਅਤੇ ਭਾਈਚਾਰੇ ਵਿੱਚ ਹੋਰ ਫ਼ੈਲਾਉ ਨੂੰ ਰੋਕਣ ਵਿੱਚ ਮਦਦ ਲਈ ੬੦੦ ਕੌਨਟੈਕਟ ਟਰੇਸਰ (ਸੰਪਰਕ ਖੋਜਕਾਰ) ਸ਼ਾਮਲ ਹਨ। ਇਸ ਯੋਜਨਾ ਅਧੀਨ ਕਾਰਜ ਸਥਾਨਾਂ ‘ਤੇ ਮਾਨਸਕ ਸਿਹਤ-ਸੰਭਾਲ ਲਈ ਮਦਦ ਵਿੱਚ ਵਾਧਾ ਹੋਵੇਗਾ ਅਤੇ ਇਕ ਨਵਾਂ ਹੌਸਪੀਟਲ ਐਟ ਹੋਮ (ਘਰ ਵਿੱਚ ਹੀ ਹਸਪਤਾਲ) ਉਪਰਾਲਾ ਆਰੰਭ ਕੀਤਾ ਜਾਵੇਗਾ ਜਿਸ ਰਾਹੀਂ ਮਰੀਜ਼ ਸਿਹਤ ਪੇਸ਼ੇਵਰਾਂ ਦੀ ਇੱਕ ਟੀਮ ਦੁਆਰਾ ਆਪਣੇ ਘਰ ਵਿੱਚ ਹੀ ਡਾਕਟਰੀ ਸਹਾਇਤਾ ਪ੍ਰਾਪਤ ਕਰ ਸਕਣਗੇ।
• ਨੌਕਰੀਆਂ ਅਤੇ ਅਵਸਰ ਉਤਪੰਨ ਕਰਨਾ- ਜੋ ਪ੍ਰਯੋਜਤ ਅਤੇ ਛੋਟੇ ਅਰਸੇ ਦੀ ਉਨ੍ਹਾਂ ਹੁਨਰਾਂ ਦੀ ਸਿਖਲਾਈ ਵਿੱਚ ਨਿਵੇਸ਼ ਕਰ ਕੇ ਕੀਤਾ ਜਾਵੇਗਾ ਜਿਨ੍ਹਾਂ ਦੀ ਲੋਕਾਂ ਨੂੰ ਉੱਚ ਮੰਗ ਵਾਲੇ ਖੇਤਰਾਂ ਵਿੱਚ ਕੰਮ ਕਰਨ ਲਈ ਲੋੜ ਹੈ, ਜਿਸ ਵਿੱਚ ਉਨ੍ਹਾਂ ਲੋਕਾਂ ਲਈ ਸਿਖਲਾਈ ਵੀ ਸ਼ਾਮਲ ਹੈ ਜੋ ਨਵੀਆਂ ਫ਼ਰੰਟ-ਲਾਈਨ ਸਿਹਤ, ਬਾਲ-ਸੰਭਾਲ ਅਤੇ ਮਾਨਵ-ਸੇਵਾ ਸ਼੍ਰੇਣੀਆਂ ਵੱਲ ਜਾਣਾ ਚਾਹੁੰਦੇ ਹਨ। ਇਸ ਯੋਜਨਾ ਨਾਲ ਮੂਲਵਾਸੀਆਂ ਲਈ ਹੁਨਰ ਸਿਖਲਾਈ ਦਾ ਵੀ ਵਿਸਤਾਰ ਹੋਵੇਗਾ ਅਤੇ ਖ਼੍ਰੀਦ-ਪਹੁੰਚ ਯੋਗ ਬਾਲ-ਸੰਭਾਲ ਥਾਂਵਾਂ ਦੀ ਉਤਪਤੀ ਵਿੱਚ ਤੇਜ਼ੀ ਆਏਗੀ ਤਾਂ ਕਿ ਵਧੇਰੇ ਮਾਪੇ, ਵਿਸ਼ੇਸ਼ ਕਰਕੇ ਔਰਤਾਂ, ਕੰਮਾਂ ‘ਤੇ ਵਾਪਸ ਜਾ ਸਕਣ। ਇਸ ਵਿੱਚ ਸੈਰ-ਸਪਾਟਾ ਸਬੰਧਤ ਕਾਰੋਬਾਰਾਂ ਅਤੇ ਭਾਈਚਾਰਿਆਂ ਦੀ ਮਦਦ ਲਈ ੧੦੦ ਮਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ ਸ਼ਾਮਲ ਹਨ।
• ਕਾਰੋਬਾਰਾਂ ਦੀ ਵਧਣ ਫੁੱਲਣ ਅਤੇ ਮੁੜ ਭਰਤੀਆਂ ਕਰਨ ਵਿੱਚ ਮਦਦ ਕਰਨਾ-ਜੋ ਨਵੀਂ ਯੋਗ ਪੇਅਰੋਲ ‘ਤੇ ਅਧਾਰਤ ੧੫% ਵਾਪਸੀ-ਯੋਗ ਟੈਕਸ ਕ੍ਰੈਡਿਟ ਰਾਹੀਂ ਕੀਤਾ ਜਾਵੇਗਾ। ਇਸ ਅਧੀਨ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰਾਂ ਲਈ ਇੱਕ ਰਿਕਵਰੀ ਗਰਾਂਟ ਵੀ ਆਰੰਭ ਕੀਤੀ ਜਾਵੇਗੀ ਤਾਂ ਕਿ ਲਗਭਗ ੧੫,੦੦੦ ਸਖ਼ਤ-ਪ੍ਰਭਾਵਤ ਕਾਰੋਬਾਰਾਂ ਦੀ ਮਦਦ ਕਰਨ ਦੇ ਨਾਲ ਨਾਲ, ੨੦੦,੦੦੦ ਨੌਕਰੀਆਂ ਨੂੰ ਵੀ ਬਚਾਇਆ ਜਾ ਸਕੇ। ਸੈਰ-ਸਪਾਟਾ ਸੰਚਾਲਕ ਇੱਕ ਹੋਰ ਵੱਖਰੀ ਵਿਸ਼ੇਸ਼ ਮਦਦ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਯੋਜਨਾ ਅਧੀਨ ਕੁਝ ਚੋਣਵੀਂ ਮਸ਼ੀਨਰੀ ਅਤੇ ਉਪਕਰਣਾਂ ‘ਤੇ ਇੱਕ ਆਰਜ਼ੀ ੧੦੦% ਪੀ ਐੱਸ ਟੀ ਦੀ ਛੋਟ ਪ੍ਰਦਾਨ ਕੀਤੀ ਜਾਵੇਗੀ ਤਾਂ ਕਿ ਯੋਗ ਕਾਰੋਬਾਰਾਂ ਲਈ ਇਸ ਪ੍ਰਕਾਰ ਦੇ ਨਿਵੇਸ਼ ਕਰਨਾ ਸੌਖਾ ਬਣ ਸਕੇ ਜਿਸ ਨਾਲ ਉਹ ਵਧ ਫੁੱਲ ਸਕਣ ਅਤੇ ਵਧੇਰੇ ਉਤਪਾਦਕ ਬਣ ਸਕਣ।
• ਮਜ਼ਬੂਤ ਭਾਈਚਾਰਿਆਂ ਦੀ ਮਦਦ ਕਰਨਾ- ਜੋ ਭਾਈਚਾਰਕ ਬੁਨਿਆਦੀ ਢਾਂਚੇ ਵਿੱਚ ਨਵੀ ਜਾਨ ਫੂਕਣ ਅਤੇ ਸਥਾਨਕ ਸਰਕਾਰਾਂ ਦੀ ਉਹ ਵਡਮੁੱਲੀਆਂ ਸੇਵਾਵਾਂ ਜਿਨ੍ਹਾਂ ‘ਤੇ ਲੋਕ ਨਿਰਭਰ ਕਰਦੇ ਹਨ, ਪ੍ਰਦਾਨ ਕਰਨ ਵਿੱਚ ਮਦਦ ਕਰਨ ਲਈ ੪੦੦ ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰ ਕੇ ਕੀਤਾ ਜਾਵੇਗਾ। ਇਸ ਵਿੱਚ ਤੁਰੰਤ ਆਰੰਭ ਹੋ ਸਕਣ ਵਾਲੇ ਉਹ ਉਸਾਰੀ ਪ੍ਰਾਜੈਕਟ, ਜੋ ਫ਼ੌਰੀ ਤੌਰ ‘ਤੇ ਨੌਕਰੀਆਂ ਪੈਦਾ ਕਰ ਸਕਣਗੇ, ਲਈ ੧੦੦ ਮਿਲੀਅਨ ਡਾਲਰ ਦੀਆਂ ਬੁਨਿਆਦੀ ਢਾਂਚਾ ਗਰਾਂਟਾਂ ਸ਼ਾਮਲ ਹਨ। ਇਸ ਯੋਜਨਾ ਵਿੱਚ ਸੂਬਾਈ ਅਤੇ ਫ਼ੈਡਰਲ ਨਿਵੇਸ਼ਾਂ ਅਧੀਨ ੧ ਬਿਲੀਅਨ ਡਾਲਰ ਤੋਂ ਵੱਧ ਨਿਰਧਾਰਤ ਕੀਤੇ ਗਏ ਹਨ ਤਾਂ ਕਿ ਲੋਕਾਂ ਦੀ ਅਵਾਜਾਈ ਬਰਕਰਾਰ ਰੱਖੀ ਜਾ ਸਕੇ, ਜੋ ਭਾਵੇਂ ਟਰਾਂਜ਼ਿਟ, ਟਰਾਂਸਲਿੰਕ ਜਾਂ ਬੀ ਸੀ ਫ਼ੈਰੀਜ਼ ਰਾਹੀਂ ਹੋਵੇ। ਇਸ ਤੋਂ ਇਲਾਵਾ ੫੪੦ ਮਿਲੀਅਨ ਡਾਲਰ ਦੀ ਇੱਕ ਫ਼ੈਡਰਲ/ਸੂਬਾਈ ਸਾਂਝੀ ਮਾਲੀ ਮਦਦ ਨਾਲ ਬੀ ਸੀ ਦੇ ਭਾਈਚਾਰਿਆਂ ਨੂੰ ਕੋਵਿਡ-੧੯ ਦੇ ਪ੍ਰਭਾਵ ਅਧੀਨ ਉਤਪੰਨ ਹੋਰ ਸਥਾਨਕ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਮਦਦ ਮਿਲੇਗੀ।

ਇਸ ਯੋਜਨਾ ਵਿੱਚ ਆਰਥਕ ਸਿਹਤਯਾਬੀ ਲਈ ਕੀਤੇ ਜਾਣ ਵਾਲੇ ਖ਼ਰਚੇ ਦੇ ਉਪਾਵਾਂ ਲਈ ੧.੫ ਬਿਲੀਅਨ ਡਾਲਰ ਸ਼ਾਮਲ ਹਨ ਜਿਸ ਨਾਲ ਫ਼ੌਰੀ ਜ਼ਰੂਰਤਾਂ ਦਾ ਹੱਲ ਹੋ ਸਕੇਗਾ। ਇਹ ਰਕਮ ਸਿਹਤਯਾਬੀ ਲਈ ਖ਼ਰਚ ਕੀਤੇ ਜਾਣ ਲਈ ਬਹਾਰ ਵਿੱਚ ਨਿਰਧਾਰਤ ਕੀਤੀ ਗਈ ਸੀ। ਇਹ ਟੈਕਸ ਉਪਾਵਾਂ ਰਾਹੀਂ ਦਿੱਤੇ ਜਾਣ ਵਾਲੇ ੬੬੦ ਮਿਲੀਅਨ ਡਾਲਰ ਅਤੇ ਮਿਉਨਿਸਪੈਲਟੀਆਂ, ਟਰਾਂਜ਼ਿਟ ਅਤੇ ਸਿੱਖਿਆ ਲਈ ਦਿੱਤੇ ਜਾਣ ਵਾਲੇ ੧.੮੬ ਬਿਲੀਅਨ ਡਾਲਰ ਦੀ ਫ਼ੈਡਰਲ ਅਤੇ ਸੂਬਾਈ ਮੁੜ-ਚਾਲੂ ਮਾਲੀ ਮਦਦ ਨਾਲੋਂ ਵੱਖਰੀ ਹੋਵੇਗੀ। ਇਸ ਨਾਲ ਬੀ ਸੀ ਦੇ ਅਗਲੇ ਤਿੰਨ ਸਾਲਾਂ ਦੌਰਾਨ ਜਨਤਕ ਬੁਨਿਆਦੀ ਢਾਂਚੇ ਵਿੱਚ ਕੀਤੇ ਜਾਣ ਵਾਲੇ ੨੨ ਬਿਲੀਅਨ ਡਾਲਰ ਦੇ ਰਿਕਾਰਡ-ਪੱਧਰੀ ਨਿਵੇਸ਼ ਵਿੱਚ ਵੀ ਹੋਰ ਵਾਧਾ ਹੋਵੇਗਾ। ਇਨ੍ਹਾਂ ਪੂੰਜੀਗਤ ਪ੍ਰਾਜੈਕਟਾਂ ਰਾਹੀਂ ਇਨ੍ਹਾਂ ਪ੍ਰਜੈਕਟਾਂ ਦੀ ਮਿਆਦ ਦੌਰਾਨ ੧੦੦,੦੦੦ ਸਿੱਧੀਆਂ ਜਾਂ ਅਸਿੱਧੀਆਂ ਨੌਕਰੀਆਂ ਪੈਦਾ ਹੋਣ ਦਾ ਅਨੁਮਾਨ ਹੈ।
ਬੀ ਸੀ ਦੀ ਸਿਹਤਯਾਬੀ ਯੋਜਨਾ ਵਿਚਲੇ ਅਗਲੇ ਕਦਮ ਉਸ ਪ੍ਰਗਤੀ ਨੂੰ ਅਗਾਂਹ ਤੋਰਦੇ ਹਨ ਜੋ ਉਨ੍ਹਾਂ ਪ੍ਰੋਗਰਾਮਾਂ ਵਿੱਚ ਨਵੇਂ ਨਿਵੇਸ਼ਾਂ ਨਾਲ ਕੀਤੀ ਗਈ ਹੈ ਜੋ ਕਲੀਨ ਬੀ ਸੀ ਦਾ ਵਿਸਤਾਰ ਕਰਨ, ਵਾਯੂ ਪ੍ਰਦੂਸ਼ਣ ਘੱਟ ਕਰਨ, ਅਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਦੇ ਨਾਲ ਨਾਲ ਇਸ ਦੇ ਪ੍ਰਭਾਵਾਂ ਪ੍ਰਤੀ ਤਿਆਰੀ ਕਰਨ ਅਤੇ ਵਧੀਆ, ਨਵੀਆਂ ਨੌਕਰੀਆਂ ਉਤਪੰਨ ਕਰਨ ਵਿੱਚ ਮਦਦ ਕਰਨਗੇ।
ਇਸ ਯੋਜਨਾ ਨੂੰ ਵਿਕਸਤ ਕਰਨ ਵਿੱਚ, ਬੀ ਸੀ ਸਰਕਾਰ ਨੇ ਸੂਬੇ ਦੇ ਹਰ ਇਲਾਕੇ ਵਿੱਚੋਂ ਤਕਰੀਬਨ ੫੦,੦੦੦ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਨਾਲ ਸੰਪਰਕ ਕੀਤਾ, ਤਾਂ ਕਿ ਔਨਲਾਈਨ ਸਰਵੇਖਣਾਂ ਅਤੇ ਵਰਚੂਅਲ ਜਾਂ ਟੈਲੀਫ਼ੋਨ ਟਾਊਨ ਹਾਲ (ਜਨਤਕ ਸੁਣਵਾਈ) ਦੁਆਰਾ ਉਨ੍ਹਾਂ ਦੀਆਂ ਤਰਜੀਹਾਂ ਅਤੇ ਵਿਚਾਰਾਂ ਬਾਰੇ ਜਾਣਿਆ ਜਾ ਸਕੇ। ਪ੍ਰੀਮੀਅਰ ਹੋਰਗਨ ਅਤੇ ਜੇਮਜ਼ ਨੇ ਕਾਰੋਬਾਰਾਂ, ਲੇਬਰ ਅਤੇ ਮੂਲਵਾਸੀ ਗਰੁੱਪਾਂ, ਆਰਥਕ ਮਾਹਰਾਂ, ਨੌਜੁਆਨਾਂ, ਗਰੀਨ ਤਕਨੀਕ ਦੇ ਮਾਹਰਾਂ, ਧਾਰਮਕ ਆਗੂਆਂ ਅਤੇ ਹੋਰ ਬਹੁਤ ਸਾਰੇ ਲੋਕਾਂ ਨਾਲ ਬੈਠਕਾਂ ਦੀਆਂ ਲੜੀਆਂ ਆਯੋਜਤ ਕੀਤੀਆਂ। ਇਹ ਯੋਜਨਾ ਉਹੀ ਕੁਝ ਦਰਸਾਉਂਦੀ ਹੈ ਜਿਸ ਬਾਰੇ ਬੀ ਸੀ ਦੀ ਸਰਕਾਰ ਨੂੰ ਇਨ੍ਹਾਂ ਵਿਆਪਕ ਜਨਤਕ ਵਿਚਾਰ ਵਟਾਂਦਰਿਆਂ ਦੌਰਾਨ ਪਤਾ ਲੱਗਿਆ।
ਬੀ ਸੀ ਗਰੀਨ ਪਾਰਟੀ ਕੌਕਸ ਨਾਲ ਇਸ ਯੋਜਨਾ ਨੂੰ ਵਿਕਸਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਜੋ ਕੌਨਫ਼ੀਡੈਂਸ ਅਤੇ ਸਪਲਾਈ ਐਗਰੀਮੈਂਟ ਵਿਚਲੀਆਂ ਸਾਂਝੀਆਂ ਤਰਜੀਹਾਂ ਨੂੰ ਅਗਾਂਹ ਤੋਰਦੀ ਹੈ, ਜਿਸ ਵਿੱਚ ਨੌਕਰੀਆਂ ਪੈਦਾ ਕਰਨਾ, ਜਲਵਾਯੂ ਪਰਿਵਰਤਨ ਪ੍ਰਤੀ ਕਾਰਵਾਈ ਕਰਨਾ ਅਤੇ ਇੱਕ ਟਿਕਾਊ ਆਰਥਕਤਾ ਦਾ ਨਿਰਮਾਣ ਕਰਨਾ ਸ਼ਾਮਲ ਹੈ ਜੋ ਲੋਕਾਂ ਲਈ ਕੰਮ ਕਰੇ।