ਅਮਰੀਕੀ ਸੁਪਰੀਮ ਕੋਰਟ ਲਈ ਮਹਿਲਾ ਜੱਜ ਨਾਮਜ਼ਦ ਕਰਨਗੇ ਟਰੰਪ

0
959

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਮਰਹੂਮ ਅਮਰੀਕੀ ਸੁਪਰੀਮ ਕੋਰਟ ਜੱਜ ਰੂਥ ਬੇਡਰ ਗਿਨਜ਼ਬਰਗ (87) ਦੀ ਥਾਂ ਲੈਣ ਲਈ ਉਹ ਇਕ ਮਹਿਲਾ ਨੂੰ ਅਗਲੇ ਹਫ਼ਤੇ ਨਾਮਜ਼ਦ ਕਰਨਗੇ। ਟਰੰਪ ਦੇ ਇਸ ਬਿਆਨ ਨਾਲ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੈਮੋਕਰੈਟਾਂ ਨਾਲ ਉਨ੍ਹਾਂ ਦਾ ਸਿਆਸੀ ਟਕਰਾਅ ਹੋਰ ਵਧ ਗਿਆ ਹੈ। ਗਿਨਜ਼ਬਰਗ ਇਤਿਹਾਸ ਸਿਰਜਣ ਵਾਲੀ ਜੱਜ ਦੇ ਤੌਰ ਉਤੇ ਜਾਣੀ ਜਾਂਦੀ ਰਹੀ ਹੈ। ਉਸ ਨੇ ਔਰਤਾਂ ਦੇ ਹੱਕਾਂ ਲਈ ਕਾਫ਼ੀ ਕੰਮ ਕੀਤਾ ਤੇ ਸਮਾਜਿਕ ਨਿਆਂ ਦੇ ਪੱਖ ਤੋਂ ਵੀ ਅਹਿਮ ਫ਼ੈਸਲੇ ਲਏ। ਮਹਿਲਾ ਜੱਜ ਦੀ ਸ਼ੁੱਕਰਵਾਰ ਕੈਂਸਰ ਨਾਲ ਮੌਤ ਹੋ ਗਈ ਸੀ। ਟਰੰਪ ਦੇ ਐਲਾਨ ਨਾਲ ਡੈਮੋਕਰੈਟਾਂ ਨੂੰ ਖ਼ਦਸ਼ਾ ਹੈ ਕਿ ਰਿਪਬਲਿਕਨ ਸੁਪਰੀਮ ਕੋਰਟ ਵਿਚ ਦਹਾਕਿਆਂ ਪੁਰਾਣੀ ਕੰਜ਼ਰਵੇਟਿਵ ਬਹੁਗਿਣਤੀ ਨੂੰ ਕਾਇਮ ਰੱਖਣ ਲਈ ਵੋਟ ਪਾਉਣਗੇ। ਜ਼ਿਕਰਯੋਗ ਹੈ ਕਿ ਅਮਰੀਕੀ ਸੁਪਰੀਮ ਕੋਰਟ ਵਿਚ ਜੱਜ ਪੂਰੀ ਉਮਰ ਸੇਵਾਵਾਂ ਦੇ ਸਕਦੇ ਹਨ ਜਾਂ ਫਿਰ ਆਪਣੀ ਮਰਜ਼ੀ ਨਾਲ ਹੀ ਸੇਵਾਮੁਕਤੀ ਲੈ ਸਕਦੇ ਹਨ।