ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਕੈਬਨਿਟ ’ਚੋਂ ਅਸਤੀਫ਼ਾ

0
1070

ਦਿੱਲੀ: ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਵੱਲੋਂ ਪੇਸ਼ ਖੇਤੀ ਬਿਲਾਂ ਦੇ ਵਿਰੋਧ ’ਚ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ੍ਰੀਮਤੀ ਬਾਦਲ ਲੋਕ ਸਭਾ ਵਿੱਚ ਬਿਲਾਂ ’ਤੇ ਚਰਚਾ ਦੌਰਾਨ ਵੀ ਗੈਰਹਾਜ਼ਰ ਰਹੇ ਸਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਸੱਤਾਧਾਰੀ ਐੱਨਡੀੲੇ ਗੱਠਜੋੜ ’ਚ ਰਹਿਣ ਜਾਂ ਬਾਹਰ ਆਉਣ ਦਾ ਫੈਸਲਾ ਪਾਰਟੀ ਮੀਟਿੰਗ ’ਚ ਕਰਨਗੇ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਤੇ ਉਨ੍ਹਾਂ ਦੀ ਭਲਾਈ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ।
ਹਰਸਿਮਰਤ ਨੇ ਇਕ ਟਵੀਟ ’ਚ ਕਿਹਾ, ‘ਮੈਂ ਕਿਸਾਨ ਵਿਰੋਧੀ ਆਰਡੀਨੈਂਸਾਂ ਤੇ ਬਿਲਾਂ ਦੇ ਵਿਰੋਧ ’ਚ ਕੇਂਦਰੀ ਕੈਂਬਨਿਟ ’ਚੋਂ ਅਸਤੀਫ਼ਾ ਦਿੱਤਾ ਹੈ। ਕਿਸਾਨਾਂ ਨਾਲ ਉਨ੍ਹਾਂ ਦੀ ਧੀ ਤੇ ਭੈਣ ਬਣ ਕੇ ਖੜ੍ਹਨ ’ਤੇ ਮਾਣ ਹੈ।’ ਪ੍ਰਧਾਨ ਮੰਤਰੀ ਨੂੰ ਭੇਜੇ ਚਾਰ ਸਫ਼ਿਆਂ ਦੇ ਆਪਣੇ ਅਸਤੀਫ਼ੇ ਵਿੱਚ ਬੀਬਾ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਉਨ੍ਹਾਂ ਵੱਲੋਂ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਨੇ ਇਨ੍ਹਾਂ ਬਿਲਾਂ ਦੇ ਮੁੱਦੇ ’ਤੇ ਕਿਸਾਨਾਂ ਨੂੰ ਭਰੋਸੇ ’ਚ ਨਹੀਂ ਲਿਆ। ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਹਰ ਮੈਂਬਰ ਕਿਸਾਨ ਹੈ ਤੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਹਿੱਤਾਂ ਦੇ ਪਹਿਰੇਦਾਰ ਵਜੋਂ ਆਪਣੀ ਪੁਰਾਣੀ ਰਵਾਇਤ ਨੂੰ ਜਾਰੀ ਰੱਖੇਗਾ। ਉਂਜ ਅਜੇ ਤਕ ਇਹ ਸਪਸ਼ਟ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕੀਤਾ ਹੈ ਜਾਂ ਨਹੀਂ।