ਕੈਨੇਡਾ ‘ਚ ਪੰਜਾਬੀਆਂ ਦੇ ਹੱਕ ਤੇ ਇਤਿਹਾਸ ਦੀ ਖੋਜ ਲਈ 11 ਲੱਖ ਡਾਲਰ ਦੀ ਗ੍ਰਾਂਟ ਪ੍ਰਵਾਨ

0
917

ਐਬਟਸਫੋਰਡ: ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮੁੱਖ ਮੰਤਰੀ ਜੌਹਨ ਹੌਰਗਨ ਨੇ ਐਬਟਸਫੋਰਡ ਦੀ ਫਰੇਜ਼ਰ ਵੈਲੀ ਯੂਨੀਵਰਸਿਟੀ ਦੀ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਨੂੰ ਹੱਕ ਐਂਡ ਹਿਸਟਰੀ ਪੰਜਾਬੀ ਕੈਨੇਡੀਅਨ ਲੈਗਸੀ (ਵਿਰਾਸਤ) ਪ੍ਰੋਜੈਕਟ ਦੇ ਨਿਰਮਾਣ ਲਈ ੧੧ ਲੱਖ ੪੦ ਹਜ਼ਾਰ ਡਾਲਰ ਭਾਵ ਸਵਾ ੬ ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ
ਹੈ। ਇਸ ਪ੍ਰੋਜੈਕਟ ਦਾ ਮੁੱਖ ਮਕਸਦ ਕੈਨੇਡਾ ਵਿਚ ਪਾਇਨੀਅਰ ਪੰਜਾਬੀਆਂ ਦੀ ਆਮਦ, ਪੰਜਾਬੀ ਵਿਰਸਾ, ਇਤਿਹਾਸ, ਧਾਰਮਿਕ ਰਹੁ ਰੀਤਾਂ, ਸੱਭਿਆਚਾਰਕ, ਪਹਿਰਾਵਾ, ਵਿਆਹ ਸਮਾਗਮ, ਰਹਿਣ ਸਹਿਣ, ਪੰਜਾਬੀ ਖਾਣ, ਹੱਕ ਤੇ ਮਨਾਏ ਜਾਂਦੇ ਤਿਉਹਾਰਾਂ ਬਾਰੇ ਦੂਸਰੇ ਭਾਈਚਾਰੇ ਦੇ ਲੋਕਾਂ ਨੂੰ ਜਾਣਕਾਰੀ ਦੇਣਾ ਤੇ ਜਾਗਰੂਕ ਕਰਨਾ
ਹੈ। ਇਸ ਖੋਜ ਵਿਚ ਪਾਇਨੀਅਰ ਪੰਜਾਬੀਆਂ ਦੀਆਂ ਤਸਵੀਰਾਂ, ਦਸਤਾਵੇਜ਼, ਪਾਸਪੋਰਟ, ਪੁਰਾਣੇ ਬਰਤਨ ਅਤੇ ਸਕੂਲਾਂ ਵਿਚ ਸਮਾਜਿਕ ਅਧਿਐਨ ਪਾਠਕਰਮ ਲਈ ਕੈਨੇਡੀਅਨ ਸਿਖਲਾਈ ਸਰੋਤਾਂ ਦਾ ਵਿਕਾਸ ਕਰਨਾ ਹੈ।
ਇਸ ਮੌਕੇ ਮੁੱਖ ਮੰਤਰੀ ਜੌਹਨ ਹੌਰਗਨ ਨੇ ਕਿਹਾ ਕਿ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਦਾ ਲੰਮਾ ਤੇ ਵਿਲੱਖਣ ਇਤਿਹਾਸ ਹੈ ਤੇ ਬ੍ਰਿਟਿਸ਼ ਕੋਲੰਬੀਆ ਦੀ ਆਰਥਿਕਤਾ, ਤਰੱਕੀ ਤੇ ਵਿਕਾਸ ਵਿਚ ਪੰਜਾਬੀਆਂ ਦਾ ਅਹਿਮ ਯੋਗਦਾਨ ਹੈ। ਸਾਡੇ ਬਹੁਸੱਭਿਅਕ ਭਾਈਚਾਰੇ ਦੀ ਵਿਭਿੰਨਤਾ ਤੇ ਲੱਚਕਤਾ ਦਾ ਸਨਮਾਨ ਕਰਦੇ ਹੋਏ ਪੰਜਾਬੀ ਕੈਨੇਡੀਅਨ ਲੈਗਸੀ ਦਾ ਇਹ ਪ੍ਰੋਜੈਕਟ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੇਗੇ।
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਦੀ ਡਾਇਰੈਕਟਰ ਸਤਵਿੰਦਰ ਕੌਰ ਬੈਂਸ ਵੀ ਹਾਜ਼ਰ
ਸਨ।