ਸੀਰਮ ਇੰਸਟੀਚਿਊਟ ਨੇ ਭਾਰਤ ਵਿੱਚ ਕੋਵਿਡ ਵੈਕਸੀਨ ਦੇ ਟਰਾਇਲ ਨੂੰ ਬਰੇਕਾਂ ਲਾਈਆਂ

0
922

ਦਿੱਲੀ: ਭਾਰਤ ਦੇ ਸੀਰਮ ਇੰਸਟੀਚਿਊਟ (ਐੱਸਆਈਆਈ) ਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕਰੋਨਾਵਾਇਰਸ ਵੈਕਸੀਨ ਦੇ ਭਾਰਤ ਵਿੱਚ ਕੀਤੇ ਜਾ ਰਹੇ ਕਲੀਨਿਕਲ ਟਰਾਇਲਾਂ ‘ਤੇ ਰੋਕ ਲਾ ਦਿੱਤੀ ਹੈ।
ਭਾਰਤ ਵਿੱਚ ਵੈਕਸੀਨ ਦਾ ਟਰਾਇਲ ਸੀਰਮ ਇੰਸਟੀਚਿਊਟ ਵੱਲੋਂ ਹੀ ਕਰਵਾਇਆ ਜਾ ਰਿਹਾ ਸੀ।
ਕੋਵੀਸ਼ੀਲਡ ਨਾਂ ਦੀ ਇਹ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਤੇ ਬਰਤਾਨਵੀ ਫਾਰਮਾ ਜਾਇੰਟ ਐਸਟਰਾਜ਼ੈਨੇਕਾ ਨੇ ਮਿਲ ਕੇ ਵਿਕਸਤ ਕੀਤੀ ਹੈ। ਭਾਰਤੀ ਸੀਰਮ ਇੰਸਟੀਚਿਊਟ ਨੇ ਕਿਹਾ, ‘ਅਸੀਂ ਹਾਲਾਤ ‘ਤੇ ਨਜ਼ਰਸਾਨੀ ਕਰ ਰਹੇ ਹਾਂ ਤੇ ਐਸਟਰਾਜ਼ੈਨੇਕਾ ਵੱਲੋਂ ਮੁੜ ਟਰਾਇਲ ਸ਼ੁਰੂ ਕੀਤੇ ਜਾਣ ਤਕ ਭਾਰਤ ਵਿੱਚ ਕੀਤੇ ਜਾਣ ਵਾਲੇ ਟਰਾਇਲਾਂ ‘ਤੇ ਰੋਕ ਲਾ ਦਿੱਤੀ ਹੈ।
ਪੁਣੇ ਆਧਾਰਿਤ ਵੈਕਸੀਨ ਨਿਰਮਾਤਾ ਨੇ ਇਹ ਐਲਾਨ ਅਜਿਹੇ ਮੌਕੇ ਕੀਤਾ ਜਦੋਂ ਅਜੇ ਇਕ ਦਿਨ ਪਹਿਲਾਂ ਡੀਸੀਜੀਆਈ ਵੀ.ਜੀ.ਸੋਮਾਨੀ ਨੇ ਸੀਰਮ ਇੰਸਟੀਚਿਊਟ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਹੈ ਕਿ ਮਰੀਜ਼ ਦੀ ਸੁਰੱਖਿਆ ਸਬੰਧੀ ਖ਼ਦਸ਼ਿਆਂ ਬਾਰੇ ਕੋਈ ਸਪੱਸ਼ਟਤਾ ਨਾ ਹੋਣ ਦੇ ਬਾਵਜੂਦ ਸੰਸਥਾ ਨੇ ਕੋਵਿਡ-੧੯ ਵੈਕਸੀਨ ਦਾ ਉਮੀਦਵਾਰਾਂ ‘ਤੇ ਕਲੀਨਿਕਲ ਟਰਾਇਲ ਕਰਨ ਦਾ ਫੈਸਲਾ ਕਿਉਂ ਕੀਤਾ। ਡੀਸੀਜੀਆਈ ਨੇ ਸੀਰਮ ਇੰਸਟੀਚਿਊਟ ਨੂੰ ਇਹ ਨੋਟਿਸ ਯੂਕੇ ਵਿੱਚ ਵਾਪਰੀ ਉਸ ਘਟਨਾ ਦੇ ਸੰਦਰਭ ਵਿੱਚ ਕੀਤਾ ਹੈ ਜਿਸ ਵਿੱਚ ਇਕ ਮਰੀਜ਼ ਨੂੰ ਕੋਵੀਸ਼ੀਲਡ ਦੀ ਬੂਸਟਰ ਡੋਜ਼ ਦੇਣ ਮਗਰੋਂ ਉਸ ਵਿੱਚ ਗੰਭੀਰ ਵਿਪਰੀਤ ਅਸਰ ਨਜ਼ਰ ਆਇਆ ਹੈ।