ਟੋਰਾਂਟੋ: ਕੈਨੇਡਾ-ਅਮਰੀਕਾ ਸਰਹੱਦ ‘ਤੇ ਵੱਸਿਆ ਟੋਰਾਂਟੋ ਦਾ ਉੱਪ ਸ਼ਹਿਰ ਨਿਆਗਰਾ ਫਾਲਜ਼ ਜਿਸ ਨੂੰ ਝਰਨਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ, ਨੂੰ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਕਰੋੜਾਂ ਡਾਲਰਾਂ ਦਾ ਘਾਟਾ ਪਿਆ ਹੈ। ਅੰਦਾਜ਼ੇ ਮੁਤਾਬਿਕ ਪੂਰੀ ਦੁਨੀਆ ਵਿਚੋਂ ਹਰ ਸਾਲ ਇੱਥੇ ੮੦ ਲੱਖ ਦੇ ਕਰੀਬ ਲੋਕ ਘੁੰਮਣ ਆਉਂਦੇ ਹਨ। ਕਈ ਸੌ ਸਾਲ ਪਹਿਲਾਂ ਫਰਾਂਸ ਦੇ ਇਕ ਖੋਜੀ ਯਾਤਰੀ ਸੈਮੂਅਲ ਡੇ ਸ਼ੈਂਪਲੇਅਨ ਦੁਆਰਾ ਲੱਭਿਆ ਇਹ ਖੂਬਸੂਰਤ ਸ਼ਹਿਰ ਪੂਰੀ ਦੁਨੀਆ ਦੀ ਖਿੱਚ ਦਾ ਕੇਂਦਰ ਹੈ ਅਤੇ ਇਨ੍ਹਾਂ ਖੂਬਸੂਰਤ ਝਰਨਿਆਂ ਕਾਰਨ ਹੀ ਇਸ ਸ਼ਹਿਰ ਨੂੰ ਸਲਾਨਾ ਕਰੋੜਾਂ ਡਾਲਰਾਂ ਦੀ ਆਮਦਨ ਹੁੰਦੀ ਹੈ ਪਰ ਇਸ ਵਾਰ ਮਹਾਂਮਾਰੀ ਦੇ ਚੱਲਦਿਆਂ ਸਭ ਕੁਝ ਬੰਦ ਹੋਣ ਕਾਰਨ ਇੱਥੇ ਹੋਟਲ ਸਨਅਤ, ਛੋਟੇ ਵੱਡੇ ਵਪਾਰ ਅਤੇ ਟ੍ਰਾਂਸਪੋਰਟ (ਬੱਸਾਂ/ਟੈਕਸੀ ਸਰਵਿਸ ਅਤੇ ਆਵਾਜਾਈ ਦੇ ਹੋਰ ਸਾਧਨ) ਨੂੰ ਭਾਰੀ ਵਿੱਤੀ ਘਾਟਾ ਸਹਿਣ ਕਰਨਾ ਪੈ ਰਿਹਾ ਹੈ। ਇੱਥੇ ਕੰਮ ਕਰਨ ਵਾਲੇ ਹਰ ਵਰਗ ਨੂੰ ਬੇਰੁਜ਼ਗਾਰੀ ਵਰਗੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ।
ਇਕ ਅੰਦਾਜ਼ੇ ਮੁਤਾਬਕ ਇਸ ਸਾਲ ਜਿੱਥੇ ਬੈਂਕਾਂ, ਟ੍ਰਾਂਜਿਟ ਸਰਵਿਸ, ਇਨ ਡੋਰ-ਆਊਟਡੋਰ ਖੇਡ ਦੇ ਮੈਦਾਨ, ਪ੍ਰਾਪਰਟੀ ਟੈਕਸਾਂ, ਜੂਆ ਘਰਾਂ (ਕਸੀਨੋ), ਮਿਊਜ਼ੀਅਮ ਆਦਿ ‘ਤੇ ਜਿੱਥੇ ਵਿੱਤੀ ਘਾਟੇ ਦੀ ਤਲਵਾਰ ਲਟਕੀ ਹੈ, ਉੱਥੇ ਹੀ ਸੈਲਾਨੀਆਂ ਵਿਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ।