ਯੂਨੀਸੈੱਫ ਕਰੇਗੀ ਟੀਕੇ ਦੀ ਖ਼ਰੀਦ ਤੇ ਸਪਲਾਈ ਮੁਹਿੰਮ ਦੀ ਅਗਵਾਈ

0
1155

ਸੰਯੁਕਤ ਰਾਸ਼ਟਰ ਦੀ ਸੰਸਥਾ ‘ਯੂਨੀਸੈੱਫ’ ਨੇ ਐਲਾਨ ਕੀਤਾ ਹੈ ਕਿ ਇਹ ਕਰੋਨਾਵਾਇਰਸ ਦੇ ਟੀਕੇ ਦੀ ਖ਼ਰੀਦ ਅਤੇ ਸਪਲਾਈ ਦੀ ਅਗਵਾਈ ਕਰੇਗੀ ਤਾਂ ਕਿ ਟੀਕਾ ਬਣਨ ’ਤੇ ਸ਼ੁਰੂਆਤੀ ਦੌਰ ਵਿਚ ਸਾਰੇ ਮੁਲਕਾਂ ਨੂੰ ਇਹ ਸੁਰੱਖਿਅਤ, ਤੇਜ਼ ਅਤੇ ਬਰਾਬਰ ਮੁਹੱਈਆ ਕਰਵਾਇਆ ਜਾ ਸਕੇ। ਇਹ ਆਪਣੀ ਤਰ੍ਹਾਂ ਦੀ ਸੰਸਾਰ ਦੀ ਹੁਣ ਤੱਕ ਸਭ ਤੋਂ ਤੇਜ਼ ਅਤੇ ਵੱਡੀ ਮੁਹਿੰਮ ਸਾਬਿਤ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈੱਫ) ਸੰਸਾਰ ਦਾ ਸਭ ਤੋਂ ਵੱਡਾ ਟੀਕਾ ਖ਼ਰੀਦਦਾਰ ਹੈ। ਇਹ 100 ਮੁਲਕਾਂ ਲਈ ਸਾਲਾਨਾ ਦੋ ਅਰਬ ਤੋਂ ਵੱਧ ਵੈਕਸੀਨ ਖ਼ਰੀਦਦਾ ਹੈ। ਇਸ ਤਰ੍ਹਾਂ ਰੁਟੀਨ ਟੀਕਾਕਰਨ ਤੇ ਮਹਾਮਾਰੀ ਨੂੰ ਰੋਕਣ ਲਈ ਤਿਆਰੀ ਕੀਤੀ ਜਾਂਦੀ ਹੈ। ਹੁਣ ਕਈ ਟੀਕੇ ਅਸਰਦਾਰ ਹੋਣ ਦੇ ਸੰਕੇਤ ਦੇ ਰਹੇ ਹਨ। ਇਸ ਲਈ ਏਜੰਸੀ ‘ਪੈਨ ਅਮੈਰੀਕਨ ਹੈਲਥ ਆਰਗੇਨਾਈਜ਼ੇਸ਼ਨ’ ਫੰਡ ਨਾਲ ਮਿਲ ਕੇ ਕੋਵਿਡ-19 ਦੇ ਟੀਕੇ ਦੀ ਖ਼ਰੀਦ ਤੇ ਸਪਲਾਈ ਦੀ ਅਗਵਾਈ ਕਰਨ ਲਈ ਯਤਨ ਕਰੇਗੀ। ਇਹ ਯਤਨ ‘ਕੋਵੈਕਸ’ ਆਲਮੀ ਟੀਕਾਕਰਨ ਸਹੂਲਤ ਦੇ ਲਈ ਹੋਣਗੇ ਜੋ ਕਿ 92 ਘੱਟ ਆਮਦਨ ਤੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਲਈ ਟੀਕੇ ਦੀ ਖ਼ਰੀਦ ਤੇ ਸਪਲਾਈ ਯਕੀਨੀ ਬਣਾਏਗਾ। ‘ਯੂਨੀਸੈੱਫ’ 80 ਉੱਚੀ ਆਮਦਨ ਵਾਲੇ ਮੁਲਕਾਂ ਲਈ ਵੀ ਖ਼ਰੀਦ ਕੋਆਰਡੀਨੇਟਰ ਵਜੋਂ ਕੰਮ ਕਰੇਗਾ। ਯੂਨੀਸੈੱਫ ਦੀ ਕਾਰਜਕਾਰੀ ਡਾਇਰੈਕਟਰ ਹੈਨਰਿਏਟਾ ਫੋਰ ਨੇ ਦੱਸਿਆ ਕਿ ਇਹ ਭਾਈਵਾਲੀ ਸਰਕਾਰਾਂ, ਨਿਰਮਾਤਾਵਾਂ ਤੇ ਹੋਰ ਕਈਆਂ ਵਿਚਾਲੇ ਹੋਵੇਗੀ। ਇਸ ਤੋਂ ਇਲਾਵਾ ਡਬਲਿਊਐਚਓ, ਵਿਸ਼ਵ ਬੈਂਕ, ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਜਿਹੇ ਸੰਗਠਨ ਵੀ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਮੁਲਕ ਇਸ ਤੋਂ ਵਾਂਝਾ ਨਾ ਰਹੇ।