ਬਠਿੰਡਾ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਸ਼ਾਨਾ ਬਣਾਏ ਜਾਣ ਦਾ ਜਵਾਬ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਠੋਕਵੇਂ ਰੂਪ ’ਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਆੜ ’ਚ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਥੇ ਪੱਤਰਕਾਰ ਮਿਲਣੀ ਮੌਕੇ ਉਨ੍ਹਾਂ ਆਪਣੀ ਪਾਰਟੀ ਵੱਲੋਂ ਆਕਸੀਮੀਟਰ ਵੰਡੇ ਜਾਣ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਈਆਂ ‘ਚੋਭਾਂ’ ਨੂੰ ਕਰਾਰੇ ਹੱਥੀਂ ਮੋੜਦਿਆਂ ਕਿਹਾ ਕਿ ਕੇਜਰੀਵਾਲ ਨੂੰ ‘ਦੇਸ਼ ਵਿਰੋਧੀ ਹੱਥਾਂ ’ਚ ਖੇਡਣ’ ਅਤੇ ‘ਦੇਸ਼ਧ੍ਰੋਹੀ ’ ਕਹਿਣ ਵਾਲੇ ਦਾ ਸੀ.ਐਮ. ਹਾਊਸ ਅਰੂਸਾ ਆਲਮ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜਿਆਂ ਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡਣ ਵਾਲਿਆਂ ਨੇ ‘ਦੇਸ਼ਧ੍ਰੋਹੀ’ ਤਾਂ ਆਪਣੇ ਘਰ ਰੱਖਿਆ ਹੋਇਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਅਰੂਸਾ ਬਾਰੇ ਉਹ ਸੰਸਦ ਵਿਚ ਵੀ ਸੁਆਲ ਚੁੱਕਣਗੇ ਅਤੇ ਗ੍ਰਹਿ ਮੰਤਰਾਲੇ ਤੋਂ ਵੀ ਸਟੇਟਸ ਜਾਨਣ ਲਈ ਪੱਤਰ ਲਿਖ਼ਣਗੇ। ਉਨ੍ਹਾਂ ਅੱਗੇ ਕਿਹਾ ਕਿ ਕਰੋਨਾ ਮਰੀਜ਼ਾਂ ਦੇ ਅੰਗਾਂ ਦੀ ਤਸਕਰੀ ਬਾਰੇ ਚੱਲਦੀ ਚਰਚਾ ਨੂੰ ਅਮਰਿੰਦਰ ਸਿੰਘ ‘ਅਫ਼ਵਾਹ’ ਕਰਾਰ ਦਿੰਦਿਆਂ ਇਸ ਪਿੱਛੇ ਪਾਕਿਸਤਾਨ ਦਾ ਹੱਥ ਦੱਸਦੇ ਹਨ। ਸ੍ਰੀ ਮਾਨ ਨੇ ਤਨਜ ਕੱਸਿਆ ਕਿ ‘ਜੇ ਪਾਕਿਸਤਾਨ ਦਾ ਹੱਥ ਹੈ ਤਾਂ ਪਾਕਿਸਤਾਨ ਤੁਹਾਡੇ ਘਰੇ ਰਹਿੰਦਾ ਹੈ, ਉਸ ਨੂੰ ਪੁੱਛ ਲਓ।’