ਸਿੱਖ ਢੱਡਰੀਆਂਵਾਲੇ ਦੇ ਸਮਾਗਮ ਨਾ ਕਰਵਾਉਣ: ਅਕਾਲ ਤਖ਼ਤ

0
1388

ਅੰਮ੍ਰਿਤਸਰ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਮਾਮਲੇ ਦੀ ਜਾਂਚ ਰਿਪੋਰਟ ਨੂੰ ਘੋਖਣ ਮਗਰੋਂ ਪੰਜ ਸਿੰਘ ਸਾਹਿਬਾਨ ਨੇ ਸਿੱਖ ਸੰਗਤ ਨੂੰ ਆਦੇਸ਼ ਕੀਤਾ ਹੈ ਕਿ ਜਦ ਤੱਕ ਢੱਡਰੀਆਂਵਾਲਾ ਆਪਣੀ ਗਲਤ ਬਿਆਨੀ ਲਈ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗਦਾ, ਉਦੋਂ ਤੱਕ ਸਿੱਖ ਸੰਗਤ ਉਸ ਦੇ ਸਮਾਗਮ ਨਾ ਕਰਵਾਏ। ਇਸ ਦੇ ਪ੍ਰਚਾਰ ਨੂੰ ਨਾ ਸੁਣਿਆ ਜਾਵੇ ਤੇ ਨਾ ਹੀ ਉਸ ਦੀਆਂ ਵੀਡੀਓ ਆਦਿ ਅਗਾਂਹ ਸਾਂਝੀਆਂ ਕੀਤੀਆਂ ਜਾਣ।
ਢੱਡਰੀਆਂਵਾਲਾ ਮਾਮਲੇ ਦੀ ਜਾਂਚ ਰਿਪੋਰਟ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪੀ ਗਈ ਸੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਾਂਚ ਰਿਪੋਰਟ ਮੁਤਾਬਕ ਸਿੱਖ ਪ੍ਰਚਾਰਕ ਵਲੋਂ ਗੁਰਮਤਿ ਪ੍ਰਤੀ ਗਲਤ ਬਿਆਨਬਾਜ਼ੀ ਕੀਤੀ ਗਈ ਹੈ ਅਤੇ ਉਹ ਆਪਣੇ ਇਨ੍ਹਾਂ ਕਥਨਾਂ ਸਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੈ। ਜੇਕਰ ਕੋਈ ਉਸ ਦਾ ਸਮਾਗਮ ਕਰਾਉਂਦਾ ਹੈ ਅਤੇ ਉੱਥੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ। ਪੰਜ ਸਿੰਘ ਸਾਹਿਬਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਸਿੱਖ ਪ੍ਰਚਾਰਕ ਹੁਣ ਵੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪ੍ਰਤੀ ਗਲਤ ਕਥਨ ਬਿਆਨਣ ਤੋਂ ਬਾਜ਼ ਨਾ ਆਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂਕੇ, ਜਿਸ ਖ਼ਿਲਾਫ਼ ਸਿੱਖ ਸੰਗਤ ਵਲੋਂ ਸ਼ਿਕਾਇਤ ਕਰਕੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਗੁਰੂ ਨਾਨਕ ਦੇਵ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਹੈ, ਬਾਰੇ ਪੰਜ ਸਿੰਘ ਸਾਹਿਬਾਨ ਨੇ ਆਖਿਆ ਕਿ ਉਸ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ, ਪਰ ਉਸ ਨੇ ਨਹੀਂ ਭੇਜਿਆ। ਇਸ ਬਾਰੇ ਵੀ ਆਦੇਸ਼ ਕੀਤਾ ਗਿਆ ਹੈ ਕਿ ਜਦੋਂ ਤੱਕ ਉਹ ਅਕਾਲ ਤਖ਼ਤ ‘ਤੇ ਮੁਆਫ਼ੀ ਨਹੀਂ ਮੰਗਦਾ, ਉਸ ਦੇ ਸਮਾਗਮ ਨਾ ਕਰਵਾਏ ਜਾਣ। ਚੀਫ਼ ਖਾਲਸਾ ਦੀਵਾਨ ਦੇ ਗ਼ੈਰ ਅੰਮ੍ਰਿਤਧਾਰੀ ਮੈਂਬਰਾਂ ਸਬੰਧੀ ਸ਼ਿਕਾਇਤ ਦਾ ਮਾਮਲਾ ਵਿਚਾਰਦਿਆਂ ਉਨ੍ਹਾਂ ਆਖਿਆ ਕਿ ਇਸ ਸਬੰਧੀ ਕਈ ਵਾਰ ਸੰਸਥਾ ਕੋਲੋਂ ਜਾਣਕਾਰੀ ਮੰਗੀ ਹੈ ਪਰ ਉਨ੍ਹਾਂ ਨਹੀਂ ਭੇਜੀ। ਦੀਵਾਨ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਆਦੇਸ਼ ਕੀਤਾ ਹੈ ਕਿ ਉਹ ਸਬੰਧਤ ਜਾਣਕਾਰੀ ਲੈ ਕੇ ੧੮ ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਹਾਜ਼ਰ ਹੋਣ।
ਉੜੀਸਾ ਦੇ ਜਗਨਨਾਥ ਪੁਰੀ ਵਿਖੇ ਬਾਬਾ ਸ਼ਮਸ਼ੇਰ ਸਿੰਘ ਵਲੋਂ ਬਣਾਏ ਗੁਰਦੁਆਰਾ ਆਰਤੀ ਸਾਹਿਬ ਬਾਰੇ ਉਸ ਨੂੰ ਆਦੇਸ਼ ਕੀਤਾ ਹੈ ਕਿ ਇਕ ਮਹੀਨੇ ਵਿਚ ਉਹ ਗੁਰਦੁਆਰੇ ਦਾ ਨਾਂ ਤਬਦੀਲ ਕਰੇ ਅਤੇ ਇਸ ਸਬੰਧੀ ਜਾਣਕਾਰੀ ਅਕਾਲ ਤਖ਼ਤ ‘ਤੇ ਭੇਜੇ। ਅਯੁੱਧਿਆ ‘ਚ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਗੁਰੂ ਸਾਹਿਬਾਨ ਨੂੰ ਲਵ-ਕੁਸ਼ ਦੇ ਵੰਸ਼ਜ ਦੱਸੇ ਜਾਣ ਬਾਰੇ ਪੰਜ ਸਿੰਘ ਸਾਹਿਬਾਨ ਨੇ ਕਿਹਾ ਕਿ ਉਹ ਅਜਿਹੇ ਕਿਸੇ ਦਾਅਵੇ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਵੱਖਰੀ
ਰਹੇਗੀ।