ਕਾਂਗਰਸ ਦੀ ਅੰਤਰਿਮ ਪ੍ਰਧਾਨ ਬਣੀ ਰਹੇਗੀ ਸੋਨੀਆ

0
901

ਦਿੱਲੀ: ਚਿੱਠੀ-ਪੱਤਰੀ, ਦੂਸ਼ਣਬਾਜ਼ੀ, ਟਕਰਾਅ, ਮਣਾਉਣ ਦੀ ਕੋਸ਼ਿਸ਼ ਤੇ ਫਿਰ ਗੱਲ ਉੱਥੇ ਦੀ ਉੱਥੇ। ਕਾਂਗਰਸ ਦੀ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਦਾ ਕੁਝ ਅਜਿਹਾ ਹੀ ਮਾਹੌਲ ਰਿਹਾ। ਬਦਲਾਅ ਤੇ ਸੁਧਾਰਾਂ ਨੂੰ ਲੈ ਕੇ ਉੱਠ ਰਹੀ ਆਵਾਜ਼ ਤੇ ਲੰਬੀ ਕਵਾਇਦ ਦੇ ਬਾਅਦ ਮੀਟਿੰਗ ‘ਚ ਕਿਸੇ ਵੱਡੇ ਫ਼ੈਸਲੇ ਦੀ ਉਮੀਦ ਧਰੀ ਰਹਿ ਗਈ। ਇਕਮਤ ਫ਼ੈਸਲਾ ਹੋਇਆ ਕਿ ਸੋਨੀਆ ਗਾਂਧੀ ਦੇ ਮੋਢਿਆਂ ‘ਤੇ ਹੀ ਪਾਰਟੀ ਦਾ ਬੋਝ ਪਾਇਆ ਜਾਵੇ।
ਘੱਟੋ-ਘੱਟ ਉਦੋਂ ਤਕ ਜਦੋਂ ਏਆਈਸੀਸੀ ਯਾਨੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ‘ਚ ਨਵੇਂ ਪ੍ਰਧਾਨ ਦੀ ਚੋਣ ਨਹੀਂ ਹੋ ਜਾਂਦੀ। ਏਨਾ ਹੀ ਨਹੀਂ ਬਲਕਿ ਇਹ ਮੰਗ ਵੀ ਉੱਠੀ ਕਿ ਰਾਹੁਲ ਹੀ ਪ੍ਰਧਾਨ ਬਣ ਜਾਣ। ਫ਼ਿਲਹਾਲ ਇਸ ਤੋਂ ਪਹਿਲਾਂ ਮੀਟਿੰਗ ‘ਚ ਤੀਰ ਵੀ ਚੱਲੇ ਤੇ ਹਾਲਾਤ ਉਸ ਵੇਲੇ ਬੇਕਾਬੂ ਹੋਣ ਲੱਗੇ ਜਦੋਂ ਰਾਹੁਲ ਗਾਂਧੀ ਨੇ ਬਦਲਾਅ ਲਈ ਪੱਤਰ ਲਿਖਣ ਵਾਲੇ ਸੀਨੀਅਰ ਨੇਤਾਵਾਂ ‘ਤੇ ਭਾਜਪਾ ਨਾਲ ਗੰਢਤੁੱਪ ਹੋਣ ਦਾ ਦੋਸ਼ ਲਗਾ ਦਿੱਤਾ। ਪ੍ਰਤੀਕ੍ਰਿਆ ‘ਚ ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ ਵਰਗੇ ਨੇਤਾਵਾਂ ਨੇ ਦੋਸ਼ ਸਾਬਤ ਹੋਣ ‘ਤੇ ਅਸਤੀਫੇ ਤਕ ਦੀ ਪੇਸ਼ਕਸ਼ ਕਰ ਦਿੱਤੀ। ਵਿਰੋਧ ਵਜੋਂ ਘੱਟੋ-ਘੱਟ ਚਾਰ ਸੀਨੀਅਰ ਨੇਤਾ ਕੁਝ ਦੇਰ ਲਈ ਵਰਚੂਅਲ ਮੀਟਿੰਗ ਤੋਂ ਵਾਕਆਊਟ ਵੀ ਕਰ ਗਏ। ਹਾਲਾਂਕਿ ਬਾਅਦ ‘ਚ ਲੀਪਾਪੋਤੀ ਹੋਈ। ਰਾਹੁਲ ਨੇ ਹਰ ਕਿਸੇ ਨੂੰ ਫੋਨ ਕਰ ਕੇ ਇਹ ਵੀ ਸਫਾਈ ਦਿੱਤੀ ਕਿ ਉਨ੍ਹਾਂ ਦਾ ਦੋਸ਼ ਉਨ੍ਹਾਂ ਲੋਕਾਂ ਲਈ ਸੀ, ਜਿਹੜੇ ਕਾਂਗਰਸ ਦੇ ਹਿੱਤਾਂ ਦੀ ਅਣਦੇਖੀ ਕਰ ਰਹੇ ਹਨ। ਉੱਥੇ ਜਨਤਕ ਰੂਪ ਨਾਲ ਕਾਂਗਰਸ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਰਾਹੁਲ ਨੇ ਅਜਿਹੀ ਕੋਈ ਗੱਲ ਕੀਤੀ ਸੀ।
ਕਰੀਬ ਛੇ ਘੰਟੇ ਤਕ ਚੱਲੀ ਸੀਡਬਲਯੂਸੀ ਦੀ ਮੀਟਿੰਗ ਦਾ ਅੰਤ ਇਸ ਸਰਬਸੰਮਤੀ ਦੇ ਮਤੇ ਨਾਲ ਹੋਇਆ ਕਿ ਸੋਨੀਆ ਗਾਂਧੀ ਦੇ ਅਸਤੀਫੇ ਦੀ ਪੇਸ਼ਕਸ਼ ਖਾਰਜ ਕੀਤੀ ਜਾਂਦੀ ਹੈ। ਉਹ ਪ੍ਰਧਾਨ ਅਹੁਦੇ ‘ਤੇ ਬਰਕਰਾਰ ਰਹਿਣ। ਸ਼ਾਇਦ ਜਨਵਰੀ ‘ਚ ਏਆਈਸੀਸੀ ਦੀ ਮੀਟਿੰਗ ਹੋਵੇਗੀ ਤੇ ਉਸ ਵਿਚ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ। ਮਤੇ ‘ਚ ਹੋਰਨਾਂ ਗੱਲਾਂ ਦੇ ਨਾਲ-ਨਾਲ ਇਸਦਾ ਵੀ ਜ਼ਿਕਰ ਹੋਇਆ ਕਿ ਪਾਰਟੀ ਫੋਰਮ ਤੋਂ ਪਰੇ ਹੋ ਕੇ ਗੱਲ ਕਰਨਾ ਅਨੁਸ਼ਾਸਨਹੀਨਤਾ ਹੋਵੇਗੀ ਤੇ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਮੀਟਿੰਗ ‘ਚ ਸਾਰੇ ਨੇਤਾਵਾਂ ਨੇ ਆਪਣੀ ਗੱਲ ਰੱਖੀ। ਸੀਨੀਅਰ ਨੇਤਾਵਾਂ ਦੇ ਪੱਤਰ ‘ਚ ਜਿਸ ਬਦਲਾਅ ਦੀ ਗੱਲ ਕੀਤੀ ਗਈ ਸੀ, ਉਸ ‘ਤੇ ਚਰਚਾ ਨਹੀਂ ਹੋਈ। ਇਸਦਾ ਫ਼ੈਸਲਾ ਪ੍ਰਧਾਨ ‘ਤੇ ਛੱਡਿਆ ਗਿਆ ਕਿ ਉਹ ਜਿਵੇਂ ਸਹੀ ਸਮਝਣ ਉਸੇ ਤਰ੍ਹਾਂ ਕਰਨ। ਜਿਹੜੇ ਸੀਨੀਅਰ ਨੇਤਾ ਤੁਰੰਤ ਬਦਲਾਅ ਦੀ ਗੱਲ ਰਹੇ ਸਨ, ਉਨ੍ਹਾਂ ਕੋਲ ਵੀ ਬਦਲ ਨਹੀਂ ਸੀ।